ਮਾਨਸਾ: ਆਲ ਇੰਡੀਆ ਬੈਂਕਾਂ ਦੇ ਸੱਦੇ 'ਤੇ ਮਾਨਸਾ ਦੇ ਸਮੂਹ ਬੈਂਕ ਕਰਮਚਾਰੀਆਂ ਵੱਲੋਂ ਹੜਤਾਲ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਬੈਂਕ ਕਰਮਚਾਰੀਆਂ ਨੇ ਕਿਹਾ ਕਿ ਕੇਂਦਰ 'ਚ ਮੋਦੀ ਸਰਕਾਰ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ, ਉਸ ਵੇਲੇ ਤੋਂ ਹੀ ਉਹ ਪ੍ਰਾਈਵੇਟ ਬੈਂਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ।
ਕਰਮਚਾਰੀਆਂ ਨੇ ਕਿਹਾ ਕਿ ਸਰਕਾਰੀ ਬੈਂਕਾਂ ਨੂੰ ਦਿਨੋ ਦਿਨ ਘਾਟੇ ਵੱਲ ਭੇਜਿਆ ਜਾ ਰਿਹਾ ਹੈ, ਜਿਸ ਨਾਲ ਮੁਲਾਜ਼ਮ ਵਿਰੋਧੀ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਮੁਲਾਜ਼ਮਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਬੈਂਕ ਯੂਨੀਅਨਾਂ ਵੱਲੋਂ ਆਪਣੀ ਸੇਵਾਵਾ ਬੰਦ ਕਰਕੇ ਬੈਂਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਹੜਤਾਲ ਦਾ ਬੈਂਕ ਅਧਿਕਾਰੀਆਂ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਇਹ ਵਿਰੋਧ ਯੂਨੀਅਨਾਂ ਵੱਲੋਂ ਮੋਦੀ ਸਰਕਾਰ ਦੇ ਪਬਲਿਕ ਸੈਕਟਰ ਦੇ 10 ਬੈਂਕਾਂ ਨੂੰ 4 ਵੱਡੇ ਬੈਂਕਾਂ ਵਿੱਚ ਮਿਲਾਉਣ ਦੇ ਫ਼ੈਸਲੇ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ।
ਹਾਲਾਂਕਿ ਭਾਰਤ ਦਾ ਸਭ ਤੋਂ ਵੱਡਾ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਇਸ ਦੇ ਸੰਚਾਲਨ 'ਤੇ ਘੱਟ ਪ੍ਰਭਾਵ ਦੀ ਉਮੀਦ ਕਰਦਾ ਹੈ, ਪਰ ਪੀਐੱਸਯੂ ਦੇ ਕਈ ਹੋਰ ਬੈਂਕਾਂ ਜਿਵੇਂ ਕਿ ਬੈਂਕ ਆਫ਼ ਬੜੌਦਾ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਬੈਂਕਿੰਗ ਕਾਰਜਾਂ ਵਿੱਚ ਵਿਘਨ ਪੈ ਸਕਦਾ ਹੈ।