ਮਾਨਸਾ :ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਐਲਾਨ ਕੀਤਾ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਵਿਚ ਗਲੀ-ਗਲੀ ਜਾ ਕੇ ਸਰਕਾਰ ਦੇ ਪ੍ਰਤੀ ਅਪਣਾਈ ਜਾ ਰਹੀ ਨੀਤੀ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਗੇ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਿੱਧੂ ਦੇ ਕਤਲ ਦਾ ਇਨਸਾਫ ਲੈ ਲਈ ਵਿਧਾਨ ਸਭਾ ਦੇ ਅੱਗੇ ਵੀ ਧਰਨਾ ਦਿੱਤਾ ਗਿਆ ਸੀ ਤਾਂ ਉਸ ਸਮੇਂ ਇਕ ਪੰਜਾਬ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਵਾਈ ਜਾਵੇਗੀ ਪਰ ਕਿੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਅਜੇ ਤੱਕ ਮੁਲਾਕਾਤ ਨਹੀਂ ਕਰਵਾਈ ਗਈ। ਉਨ੍ਹਾਂ ਸਰਕਾਰ ਉੱਤੇ ਸਵਾਲ ਕੀਤੇ ਹਨ।
ਲੜਾਈ ਜਾਰੀ ਰੱਖਣ ਦਾ ਕੀਤਾ ਐਲਾਨ :ਸਿੱਧੂ ਦੇ ਪਿਤਾ ਬਲਕਾਰ ਸਿੰਘ ਨੇ ਕਿਹਾ ਕੇ ਲਾਰੈਂਸ ਬਿਸ਼ਨੋਈ ਦੇ ਖਿਲਾਫ ਆਪਣੀ ਲੜਾਈ ਜਾਰੀ ਰਖਾਂਗਾ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਬੇਸ਼ੱਕ ਉਸਦਾ ਵੀ ਪੁੱਤਰ ਦੇ ਨਾਲ ਸਟੈਚੂ ਲੱਗ ਜਾਵੇ ਪਰ ਉਹ ਡਰਨਗੇ ਨਹੀਂ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਬਰਸੀ ਦੇ ਮੌਕੇ ਸਰਕਾਰ ਵੱਲੋਂ ਅਜਿਹੀ ਵੱਡੀ ਸਾਜਿਸ਼ ਰਚੀ ਗਈ ਕਿ ਜਿਸਦੇ ਨਾਲ ਉਨ੍ਹਾਂ ਦੇ ਬੇਟੇ ਦੀ ਬਰਸੀ ਵਾਲੇ ਦਿਨ ਦੂਸਰੀ ਵਾਰ ਮੌਤ ਹੋਈ ਹੈ। ਕਿਉਂਕਿ ਬਰਸੀ ਵਾਲੇ ਦਿਨ ਵੀ ਸਰਕਾਰ ਨੇ ਸਮਾਗਮ ਨੂੰ ਫੇਲ੍ਹ ਕਰਨ ਦੇ ਲਈ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਇਆ ਹੈ ਪਰ ਫਿਰ ਵੀ ਲੋਕ ਵੱਡੀ ਤਾਦਾਦ ਵਿੱਚ ਸਮਾਗਮ ਦੇ ਵਿਚ ਸ਼ਾਮਲ ਹੋਏ ਹਨ।