ਮਾਨਸਾ: ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋਣ ਜਾ ਰਿਹਾ ਹੈ। ਅਜੇ ਤੱਕ ਵੀ ਉਸ ਦੇ ਫੈਨਸ ਪਿੰਡਾ ਮੂਸਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਹਰ ਐਤਵਾਰ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਲਈ ਸਰਕਾਰ ਤੋਂ ਮੰਗ ਕਰ ਰਹੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਉਹ ਬਦਨਸੀਬ ਨੇ ਇਸ ਲਈ ਉਨਾਂ ਨੂੰ ਮਿਲਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਮੈਂ ਬਦਨਸੀਬ ਹਾਂ, ਪਰ ਆਪਣੇ ਪੁੱਤਰ ਲਈ ਸਰਕਾਰ ਤੋਂ ਚੰਦ ਸਵਾਲ ਪੁੱਛਣਾ ਚਾਹੁੰਦਾ ਹਾਂ ਉਸ ਦਾ ਕਸੂਰ ਕੀ ਸੀ। ਉਨ੍ਹਾਂ ਦੇ ਬੇਟੇ ਦਾ ਜੇਕਰ ਕੋਈ ਕਸੂਰ ਸੀ, ਤਾਂ ਸਰਕਾਰ ਮੈਨੂੰ ਦੱਸੇ, ਤਾਂ ਮੈਂ ਉਸ ਤੋਂ ਬਾਅਦ ਕਦੇ ਵੀ ਇਨਸਾਫ ਦੀ ਗੱਲ ਨਹੀਂ ਕਰਾਂਗਾ।
Justice for Sidhu Moose wala: ‘ਪੁੱਤਰ ਨੂੰ ਇਨਸਾਫ ਦਿਵਾਉਣ ਲਈ ਆਖਰੀ ਦਮ ਤੱਕ ਲੜਦੇ ਰਹਾਂਗੇ’ - Sidhu Moose wala news
ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਇਕ ਸਾਲ ਦਾ ਸਮਾਂ ਬੀਤ ਚੁੱਕਿਆ ਹੈ। ਲਗਾਤਾਰ ਸਿੱਧੂ ਨੂੰ ਚਾਹੁਣ ਵਾਲੇ ਹਰ ਐਤਵਾਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਦੇ ਹਨ। ਬੀਤੇ ਦਿਨ ਐਤਵਾਰ ਨੂੰ ਵੀ ਵੱਡੀ ਗਿਣਤੀ ਵਿੱਚ ਲੋਕ ਹਵੇਲੀ ਪਹੁੰਚੇ।
ਗੋਲਡੀ ਬਰਾੜ ਕਿੱਥੇ ?:ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਗੋਲਡੀ ਬਰਾੜ ਨੂੰ ਡਿਟੇਨ ਕਰਨ ਦੀ ਜੋ ਮੀਡੀਆ ਵਿੱਚ ਗੱਲ ਕੀਤੀ ਸੀ, ਤਾਂ ਫਿਰ ਹੁਣ ਗੋਲਡੀ ਬਰਾੜ ਕਿੱਥੇ ਹੈ? ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਸੰਦੀਪ ਨੰਗਲ ਅੰਬੀਆਂ ਦਾ ਕਤਲ ਮੂਸੇਵਾਲਾ ਨਾਲ ਮਿਲ ਕੇ ਕਰਵਾਇਆ ਹੈ, ਜਦਕਿ ਅਸੀਂ ਤਾਂ ਹਰ ਵਾਰ ਸੰਦੀਪ ਦੀ ਪਤਨੀ ਨੂੰ ਮਿਲਣ ਜਾਂਦੇ ਹਾਂ। ਉਨਾਂ ਕਿਹਾ 10 ਜੂਨ ਨੂੰ ਮੁੱਖ ਮੰਤਰੀ ਨੇ ਮਾਨਸਾ ਆਏ ਸੀ। ਉਨ੍ਹਾਂ ਨੂੰ ਮਿਲਣ ਦਾ ਯਤਨ ਕੀਤਾ, ਪਰ ਉਹ ਨਹੀਂ ਮਿਲੇ ਅਤੇ ਅੱਜ ਤੱਕ ਉਨ੍ਹਾਂ ਦਾ ਕੋਈ ਵੀ ਸੰਦੇਸ਼ ਨਹੀਂ ਆਇਆ। ਉਨ੍ਹਾਂ ਮੁੱਖ ਮੰਤਰੀ ਦੇ ਆਉਣ ਸਮੇਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ।
ਮਰਹੂਮ ਮੂਸੇਵਾਲਾ ਦੇ ਪਿਤਾ ਦੇ ਸਰਕਾਰ ਨੂੰ ਸਵਾਲ: ਬਲਕੌਰ ਸਿੰਘ ਨੇ ਮੁੱਖ ਮੰਤਰੀ ਮਾਨ ਦਾ ਨਾਮ ਲੈਂਦਿਆਂ ਕਿਹਾ ਕਿ ਉਹ ਬੇਵੱਸ ਹੋ ਗਏ ਹਨ ਅਤੇ ਬਦਦੁਆ ਨਾ ਲੈਣ। ਲਾਰੈਂਸ ਬਿਸ਼ਨੋਈ ਲੋਕਾਂ ਨੂੰ ਡਰਾ ਧਮਕਾ ਕੇ, ਉਨ੍ਹਾਂ ਤੋਂ ਪੈਸੇ ਲੈ ਕੇ ਵਿਦੇਸ਼ਾਂ ਵਿੱਚ ਪੈਸਾ ਭੇਜ ਰਿਹਾ ਹੈ, ਪਰ ਉਨ੍ਹਾਂ ਦਾ ਪੁੱਤਰ ਵਿਦੇਸ਼ਾਂ ਵਿੱਚੋਂ ਪੈਸਾ ਲਿਆ ਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਦਾ ਸੀ, ਫਿਰ ਮੇਰੇ ਬੇਟੇ ਦਾ ਕਸੂਰ ਕੀ ਸੀ। ਮੇਰਾ ਸਰਕਾਰ ਨੂੰ ਇਹ ਸਵਾਲ ਹੈ ਕਿ ਸਰਕਾਰ ਉਨ੍ਹਾਂ ਨੂੰ ਇਨਸਾਫ ਕਿਉਂ ਨਹੀਂ ਦੇ ਰਹੀ। ਸਰਕਾਰ ਲਾਰੈਂਸ ਬਿਸ਼ਨੋਈ ਦਾ ਸਾਥ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਬੋਲ ਦੇਣ ਕਿ ਉਨ੍ਹਾਂ ਨੇ ਜੋ ਕੀਤਾ ਹੈ ਸਭ ਠੀਕ ਹੈ, ਤਾਂ ਅਸੀਂ ਕਦੇ ਵੀ ਆਪਣੇ ਪੁੱਤਰ ਦੇ ਇਨਸਾਫ ਲਈ ਸਰਕਾਰ ਨੂੰ ਨਹੀਂ ਪੁੱਛਾਂਗੇ। ਸਰਕਾਰ ਦੀ ਚੁੱਪ ਬਹੁਤ ਕੁਝ ਕਹਿ ਰਹੀ ਹੈ ਇਸ ਲਈ ਉਹ ਆਪਣੇ ਬੇਟੇ ਦਾ ਇਨਸਾਫ ਲੈਣ ਕੇ ਹੀ ਦਮ ਲੈਣਗੇ।