ਮਾਨਸਾ: ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਦੇ ਨਾਲੋਂ ਘੱਟ ਨਹੀਂ ਜੇਕਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਅਜਿਹੀ ਹੀ ਪਿੰਡ ਖੋਖਰ ਕਲਾਂ ਦੀ ਬਲਦੀਪ ਕੌਰ ਹੈ ਜੋ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਨੇ ਪਹਿਲੀ ਵਾਰ ਹੀ CSIR UGC ਨੈੱਟ ਕਲੀਅਰ ਕਰਕੇ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਬਲਦੀਪ ਕੌਰ ਦੀ ਇਸ ਉਪਲੱਬਧੀ ਤੇ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਪਿੰਡ ਦੀ ਪੰਚਾਇਤ ਵੱਲੋਂ ਵੀ ਬਲਦੀਪ ਕੌਰ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਕਮਿਸ਼ਨ ਦੇਣ ਤੋਂ ਬਾਅਦ ਮੰਨੇ ਆੜ੍ਹਤੀ
ਬਲਦੀਪ ਕੌਰ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਮਾਨਸਾ ਦੇ ਮਾਈ ਨਿੱਕੋ ਦੇਵੀ ਸਕੂਲ ਤੋਂ ਦੱਸਵੀਂ ਤੱਕ ਪੰਜਾਬੀ ਮੀਡੀਅਮ ਵਿੱਚ ਪ੍ਰਾਪਤ ਕੀਤੀ। ਬਲਦੀਪ ਕੌਰ ਨੂੰ ਇੰਗਲਿਸ਼ ਮੀਡੀਅਮ ’ਚ ਪੜ੍ਹਾਈ ਕਰਨ ਦਾ ਸ਼ੌਂਕ ਸੀ ਪਰ ਪਿੰਡ ਵਿੱਚ ਟਿਊਸ਼ਨ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਮਾਪਿਆਂ ਨੇ ਉਸ ਨੂੰ ਇੰਗਲਿਸ਼ ਮੀਡੀਅਮ ਨਹੀਂ ਕਰਵਾਇਆ ਜਿਸ ਤੋਂ ਬਾਅਦ +1 ’ਚ ਉਸਦੇ ਭਰਾ ਨੇ ਸਾਇੰਸ ਦੇ ਵਿੱਚੋਂ ਚੰਗੇ ਨੰਬਰ ਆਉਣ ਕਾਰਨ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਪ੍ਰੇਰਿਤ ਕੀਤਾ। ਬਲਦੀਪ ਕੌਰ ਨੇ ਦੱਸਿਆ ਕਿ ਉਸ ਦੇ ਮਨ ਵਿਚ ਵੀ ਡਾਕਟਰ ਬਣਨ ਦਾ ਸੁਪਨਾ ਆਇਆ ਅਤੇ ਬਲਦੀਪ ਕੌਰ ਨੇ ਅਗਲੇਰੀ ਪੜ੍ਹਾਈ ਮੈਡੀਕਲ ਦੇ ਨਾਲ ਸ਼ੁਰੂ ਕੀਤੀ ਤੇ ਅੱਜ ਉਸ ਨੇ CSIR UGC ਨੈੱਟ ਕਲੀਅਰ ਕਰਕੇ ਆਪਣੇ ਮਾਤਾ ਪਿਤਾ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ।