ਏਸ਼ੀਆਈ ਖੇਡਾਂ ਚੋਂ ਮੈਡਲ ਲੈ ਕੇ ਮਾਨਸਾ ਪਹੁੰਚੀ ਮੰਜੂ ਰਾਣੀ ਦਾ ਭਰਵਾਂ ਸਵਾਗਤ ਮਾਨਸਾ: ਏਸ਼ੀਆਈ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ ਚੰਗਾ ਨਾਮਣਾ ਖੱਟਿਆ ਹੈ, ਖਾਸਕਰ ਪੰਜਾਬ ਦੇ ਖਿਡਾਰੀਆਂ ਨੇ ਕਈ ਮੈਡਲ ਹਾਸਲ ਕਰਕੇ ਆਪਣੇ ਮਾਂ ਬਾਪ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਉਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਖੈਰਾ ਦੀ ਧੀ ਮੰਜੂ ਰਾਣੀ ਨੇ ਵੀ ਚੀਨ 'ਚ ਹੋਈਆਂ ਏਸ਼ੀਆਈ ਖੇਡਾਂ ਦੇ ਵਿੱਚ 35 ਕਿਲੋਮੀਟਰ ਵਾਕ ਦੌੜ ਵਿਚੋਂ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਪਰਿਵਾਰ ਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਮਾਨਸਾ ਪਹੁੰਚਣ 'ਤੇ ਮੰਜੂ ਰਾਣੀ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। (Asian Medalist Manju Rani)
ਏਸ਼ੀਆ ਖੇਡਾਂ 'ਚ ਕਾਂਸੀ ਦਾ ਮੈਡਲ: ਇਸ ਮੌਕੇ ਖਿਡਾਰਣ ਮੰਜੂ ਰਾਣੀ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੇ ਏਸ਼ੀਆਈ ਖੇਡਾਂ ਦੇ ਵਿੱਚ ਮੈਡਲ ਜਿੱਤ ਕੇ ਆਪਣੇ ਪੰਜਾਬ ਅਤੇ ਆਪਣੇ ਪਿਤਾ ਦੀ ਪੱਗ ਦੀ ਲਾਜ ਰੱਖੀ ਹੈ ਕਿਉਂਕਿ ਉਸਦੇ ਪਿਤਾ ਨੇ ਖੇਡਾਂ ਦੇ ਲਈ ਉਸ ਨੂੰ ਆਪਣੀ ਜ਼ਮੀਨ ਗਹਿਣੇ ਰੱਖ ਕੇ 9 ਲੱਖ ਰੁਪਏ ਦਿੱਤੇ ਸਨ ਅਤੇ ਉਸ ਨੇ ਇਹਨਾਂ ਖੇਡਾਂ ਦੇ ਸਖ਼ਤ ਮੁਕਾਬਲਿਆਂ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਪਿਤਾ ਦੀ ਜਿੱਥੇ ਪੱਗ ਦੀ ਲਾਜ ਰੱਖੀ ਹੈ, ਉਥੇ ਹੀ ਪੰਜਾਬ ਵਲੋਂ ਮੈਡਲ ਜਿੱਤ ਕੇ ਸੂਬੇ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਜ਼ਮੀਨ ਗਹਿਣੇ ਰੱਖ ਪਿਓ ਨੇ ਭੇਜੀ ਧੀ: ਖਿਡਾਰਣ ਮੰਜੂ ਰਾਣੀ ਨੇ ਦੱਸਿਆ ਕਿ ਛੋਟੇ ਹੁੰਦੇ ਹੀ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਪਰ ਉਸ ਦੇ ਪਿਤਾ ਨੇ ਕਦੇ ਵੀ ਉਸ ਨੂੰ ਮਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਉਹਨਾਂ ਦੱਸਿਆ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਹੀ ਮੇਰੇ ਪਿਤਾ ਨੇ ਜ਼ਮੀਨ ਗਹਿਣੇ ਰੱਖੀ ਸੀ ਤਾਂ ਕਿ ਉਸਦੀ ਧੀ ਖੇਡਾਂ ਦੇ ਵਿੱਚ ਹਿੱਸਾ ਲੈ ਕੇ ਚੰਗਾ ਨਾਮ ਕਮਾ ਸਕੇ। ਮੰਜੂ ਰਾਣੀ ਨੇ ਦੱਸਿਆ ਕਿ ਖੇਡਾਂ ਦੇ ਮਾਮਲੇ 'ਚ ਹਾਲਾਂਕਿ ਸੂਬਾ ਸਰਕਾਰ ਵਲੋਂ ਉਸ ਨੂੰ ਕੋਈ ਮਦਦ ਨਹੀਂ ਮਿਲੀ ਪਰ ਕੇਂਦਰ ਦੀ ਸਕੀਮ ਅਧੀਨ ਚੱਲ ਰਹੇ ਸਾਈ ਵਿੰਗ 'ਚ ਉਸ ਦੀ ਚੋਣ ਹੋਈ ਤੇ ਜਿਥੋਂ ਉਸ ਨੂੰ ਏਸ਼ੀਆ 'ਚ ਖੇਡਣਾ ਦਾ ਮੌਕਾ ਮਿਲਿਆ। ਖਿਡਾਰਣ ਦਾ ਕਹਿਣਾ ਕਿ ਉਸ ਦਾ ਸੁਫ਼ਨਾ ਹੈ ਕਿ ਉਹ ਓਲੰਪਿਕ 'ਚ ਖੇਡੇ ਅਤੇ ਮੈਡਲ ਹਾਸਲ ਕਰਕੇ ਆਪਣੇ ਦੇਸ਼ ਦਾ ਝੰਡਾ ਲਹਿਰਾ ਕੇ ਆਵੇ।
ਮਾਨਸਾ ਪੁੱਜਣ 'ਤੇ ਭਰਵਾਂ ਸਵਾਗਤ: ਕਾਂਸੀ ਦਾ ਮੈਡਲ ਜਿੱਤਣ ਵਾਲੀ ਖਿਡਾਰਣ ਮੰਜੂ ਰਾਣੀ ਦਾ ਸਨਮਾਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਾਨੂੰ ਬਹੁਤ ਹੀ ਮਾਣ ਹੈ ਕਿ ਸਾਡੇ ਮਾਨਸਾ ਜ਼ਿਲ੍ਹੇ ਦੀ ਧੀ ਮੰਜੂ ਰਾਣੀ ਨੇ ਏਸ਼ੀਆਈ ਖੇਡਾਂ ਦੇ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਸਾਡੇ ਮਾਨਸਾ ਜ਼ਿਲ੍ਹੇ ਦੇ ਹਿੱਸੇ ਪੰਜ ਮੈਡਲ ਆਏ ਹਨ ਅਤੇ ਇਸ ਧੀ ਨੇ ਆਰਥਿਕ ਤੰਗੀਆਂ ਦੇ ਬਾਵਜੂਦ ਵੀ ਖੇਡਾਂ ਦੇ ਵਿੱਚ ਰੁਚੀ ਰੱਖੀ ਅਤੇ ਅੱਜ ਸਖ਼ਤ ਮਿਹਤਨ ਦੇ ਚੱਲਦੇ ਮੰਜੂ ਰਾਣੀ ਨੇ ਮੈਡਲ ਜਿੱਤ ਕੇ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਜ਼ਿਲ੍ਹੇ ਦੇ ਹੋਰ ਵੀ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਖੇਡਾਂ ਦੇ ਨਾਲ ਜੁੜਨ। ਉਥੇ ਹੀ ਵਿਧਾਇਕ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਖਿਡਾਰੀਆਂ ਦੇ ਲਈ ਰਾਸ਼ੀ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਖਿਡਾਰੀਆਂ ਨੂੰ ਆਰਥਿਕ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।