ਮਾਨਸਾ: ਆਸ਼ਾ ਵਰਕਰਾਂ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ਉੱਤੇ ਕੰਮ ਕਰ ਰਹੀਆਂ ਹਨ ਇਸ ਦੇ ਬਾਵਜੂਦ ਉਹ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਨੂੰ ਭਾਵੇਂ ਸਰਕਾਰ ਵੱਲੋਂ ਭੱਤਾ ਦਿੱਤਾ ਜਾਂਦਾ ਹੈ ਪਰ ਉਹ ਸਰਕਾਰ ਦੇ ਇਸ ਭੱਤੇ ਤੋਂ ਖੁਸ਼ ਨਹੀਂ ਹਨ।
ਆਸ਼ਾ ਵਰਕਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੋਰ-ਟੂ-ਡੋਰ ਜਾਣ ਦੇ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਸੇਫ਼ਟੀ ਕਿੱਟਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ, ਜਿਸ ਦੇ ਲਈ ਉਨ੍ਹਾਂ ਨੂੰ ਮਹਿਜ਼ ਮਾਸਕ ਤੇ ਗਲਬਜ਼ ਹੀ ਦਿੱਤੇ ਗਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਾਣਕਾਰੀ ਇਕੱਠੀ ਕਰਦੀਆਂ ਹਨ ਕਿ ਕਿਸੇ ਘਰ ਦੇ ਵਿੱਚ ਕੋਈ ਕੋਰੋਨਾ ਪੀੜਤ ਤਾਂ ਨਹੀਂ ਜਾਂ ਕੋਈ ਬਾਹਰੋਂ ਤਾਂ ਨਹੀਂ ਆਇਆ ਅਤੇ ਉਸ ਦੀ ਜਾਣਕਾਰੀ ਅੱਗੇ ਵਿਭਾਗ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਘਰਾਂ ਵਿੱਚ ਜਾਂਦੇ ਹਨ ਤੇ ਲੋਕਾਂ ਨੂੰ ਪ੍ਰੇਰਿਤ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦਾ ਥੋੜ੍ਹਾ ਹੀ ਮਾਣ ਭੱਤਾ ਵਧਾਇਆ ਗਿਆ ਹੈ ਜੋ ਕਿ ਹਜ਼ਾਰ ਰੁਪਏ ਦੇ ਕਰੀਬ ਹੈ ਪਰ ਉਹ ਇਸ ਮਾਣ ਭੱਤੇ ਤੋਂ ਉਹ ਸੰਤੁਸ਼ਟ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਬੱਝਵੀਂ ਤਨਖਾਹ ਕਰੇ। ਡੋਰ-ਟੂ-ਡੋਰ ਜਾਂਦੇ ਸਮੇਂ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕਈ ਲੋਕ ਉਨ੍ਹਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਨਹੀਂ ਦਾਖਲ ਹੋਣ ਦਿੰਦੇ।
ਸੁਪਰਵਾਈਜ਼ਰ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਦੇ ਹਨ ਕਿ ਤੁਸੀਂ ਸਾਨੂੰ ਕੀ ਸਿਹਤ ਸੇਵਾਵਾਂ ਦਿਓਗੇ, ਤੁਹਾਡੇ ਕੋਲ ਤਾਂ ਆਪਣੇ ਲਈ ਵੀ ਸੇਫਟੀ ਕਿੱਟ ਨਹੀਂ ਹੈ। ਹੋ ਸਕਦਾ ਹੈ ਤੁਸੀਂ ਹੀ ਕੋਈ ਅਜਿਹੇ ਲੋਕਾਂ ਨੂੰ ਮਿਲ ਕੇ ਆਏ ਹੋ ਜਿਨ੍ਹਾਂ ਦੇ ਵਿੱਚ ਕੋਰੋਨਾ ਦੇ ਕੋਈ ਲੱਛਣ ਹੋਣ।
ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੂਜੇ ਸਰਕਾਰੀ ਮੁਲਾਜ਼ਮਾਂ ਨੂੰ ਸੇਫਟੀ ਕਿੱਟ, ਗਲਵਜ਼ ਤੇ ਸੈਨੋਟਾਈਜ਼ਰ ਦਿੱਤਾ ਜਾ ਰਿਹਾ ਹੈ ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਮੁਹੱਈਆ ਕਰਵਾਇਆ ਜਾਵੇ।