ਮਾਨਸਾ: ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਦੇ ਕਾਰਨ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੇ ਲਈ (compensation of cotton damage ) ਅੱਜ ਵੀ ਕਿਸਾਨ ਅਤੇ ਮਜ਼ਦੂਰ ਪ੍ਰਦਰਸ਼ਨ ਕਰ ਰਹੇ ਹਨ। ਬੇਸ਼ੱਕ ਕਿਸਾਨਾਂ ਨੂੰ ਕੁਝ ਹਿੱਸਾ ਮੁਆਵਜ਼ਾ ਮਿਲ ਚੁੱਕਿਆ ਸੀ ਪਰ ਅਜੇ ਤੱਕ ਬਹੁਤ ਸਾਰੇ ਪਿੰਡਾਂ ਦੇ ਕਿਸਾਨ ਨਰਮੇ ਖ਼ਰਾਬੇ ਦੇ ਮੁਆਵਜ਼ੇ ਤੋਂ ਵਾਂਝੇ ਹਨ। ਉੱਥੇ ਹੀ ਮਜ਼ਦੂਰਾਂ ਨੂੰ ਇੱਕ ਪੈਸਾ ਤੱਕ ਨਹੀਂ ਦਿੱਤਾ ਗਿਆ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਨਰਮਾ ਖ਼ਰਾਬੇ ਦਾ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਆਵਜ਼ਾ ਜਾਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਅੱਕੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਉਂਦਾ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਦਾ ਬਾਕੀ ਰਹਿੰਦਾ ਕਿਸਾਨਾਂ ਦਾ ਮੁਆਵਜ਼ਾ ਅਤੇ ਨਰਮੇ ਦੀ ਚੁਗਾਈ ਦਾ ਇੱਕ ਅਰਬ, ਇੱਕ ਕਰੋੜ, 39 ਲੱਖ, 45 ਹਜ਼ਾਰ 87 ਰੁਪਏ ਮੁਆਵਜ਼ਾ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਲਈ ਜਾਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਦਾ ਅੱਜ ਵੀ ਮਾਨਸਾ ਦੇ ਮਿੰਨੀ ਸੈਕਟਰੀਏਟ ਦਾ ਘਿਰਾਓ ਜਾਰੀ ਹੈ।