ਮਾਨਸਾ: ਜ਼ਿਲ੍ਹੇ ਦੇ ਪਿੰਡ ਸੰਘਾ ਦੇ ਗੁਰੂਦੁਆਰਾ ਸਾਹਿਬ ਵਿੱਚ ਸੰਤ ਬਾਬਾ ਪ੍ਰੀਤਮ ਸਿੰਘ ਜੀ ਕਾਰਸੇਵਾ ਸਿਰਸਾ ਵਾਲਿਆਂ ਦੀ ਸਲਾਨਾ ਬਰਸੀ ਮਨਾਈ ਗਈ। ਇਸ ਮੌਕੇ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪਿੰਡ ਸੰਘਾ ਦੇ ਗੁਰੂਦੁਆਰਾ ਸਾਹਿਬ ਵਿਖੇ ਵਿਸ਼ੇਸ ਤੌਰ ਉੱਤੇ ਪੁੱਜੇ। ਅੰਮ੍ਰਿਤਪਾਲ ਸਿੰਘ ਨੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਜਿੱਥੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ ਅਪੀਲ ਕੀਤੀ ਉੱਥੇ ਹੀ ਨੌਜਵਾਨਾਂ ਨੂੰ ਹਰ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਸੰਦੇਸ਼ ਦਿੱਤਾ।
ਸੰਗਤ ਨੂੰ ਸੋਬੰਧਨ:ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਸਿੱਖਾਂ ਦੇ ਲਹੂ ਦੀਆਂ ਹਮੇਸ਼ਾ ਤੋਂ ਦੁਸ਼ਮਣ ਰਹੀਆਂ ਨੇ ਅਤੇ ਇਸ ਲਈ ਨੌਜਵਾਨਾਂ ਨੂੰ ਪੰਥ ਲਈ ਡਟ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਜਦੋਂ ਸਿੱਖਾਂ ਨੇ ਜਹਾਜ਼ ਅਗਵਾ ਕੀਤਾ ਤਾਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਜਦੋਂ ਸਰਕਾਰੀ ਲੋਕਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਹੈ ਅਤੇ ਹੁੰਦਾ ਰਹੇਗਾ, ਇਸ ਲਈ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਆਓ ਪੰਥ ਲਈ ਡਟ ਕੇ ਕੰਮ ਕਰੀਏ ਕਿਉਂਕਿ ਆਪਾਂ ਆਪਣੇ ਪੰਥ ਅਤੇ ਪੰਜਾਬ ਦੀ ਰਾਖੀ ਕਰਨੀ ਹੈ ਨਾਂ ਕਿ ਕਿਸੇ ਪਿਛੇ ਲੱਗ ਕੇ ਇਕ ਦੂਜੇ ਦੇ ਖੂਨ ਦੇ ਵੈਰੀ ਬਣਨਾ ਹੈ। ਉਨ੍ਹਾਂ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਖਾਲਸੇ ਕੋਲ ਅਸਲਾ ਬਹੁਤ ਹੁੰਦਾ ਹੈ ਅਤੇ ਗੁਰੂ ਮਹਾਰਾਜ ਕਿਰਪਾ ਕਰਨਗੇ। ਅੰਮ੍ਰਿਤਪਾਲ ਨੇ ਕਿਹਾ ਕਿ ਅਸੀਂ ਕੌਮੀ ਇਨਸਾਫ ਮੌਰਚੇ ਵਿੱਚ ਜਲਦ ਹੀ ਹਾਜਰੀ ਭਰਾਂਗੇ ਕਿਉਂਕਿ ਅਜਨਾਲਾ ਘਟਨਾ ਤੋਂ ਬਾਅਦ ਅਸੀਂ ਉੱਥੇ ਜਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਦੇ ਕਰੀਬ 100 ਸਿੰਘ ਸ਼ੁਰੂ ਤੋਂ ਹੀ ਉਸ ਮੋਰਚੇ ਵਿੱਚ ਹਾਜ਼ਰੀ ਭਰਦੇ ਰਹੇ ਹਨ।