ਮਾਨਸਾ: ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਪਿੰਡ ਨੂੰ ਸੋਹਣੀ ਦਿਖ ਦੇਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਉਨ੍ਹਾਂ ਦੇ ਪਿੰਡ ਵਿਚ ਹਰ ਸੁਵਿਧਾ ਉਪਲੱਬਧ ਹੋਵੇ। ਪਿੰਡ ਨੂੰ ਚਾਰ ਚੁਫੇਰੇ ਤੋਂ ਹਰਾ ਭਰਾ ਬਣਾਉਣ ਦੇ ਲਈ ਵੀ ਪੰਚਾਇਤਾਂ ਵੱਲੋਂ ਸਰਕਾਰ ਦੇ ਸਹਿਯੋਗ ਨਾਲ ਵੱਖਰਾ ਪਿੰਡ ਬਣਾਉਣ ਦੀ ਪਹਿਲ ਕੀਤੀ ਜਾ ਰਹੀ ਹੈ। ਅਜਿਹੀ ਹੀ ਨੌਜਵਾਨ ਪੰਚਾਇਤ ਪਿੰਡ ਫੱਤਾ ਮਾਲੋਕਾ ਦੀ ਹੈ, ਜਿਸ ਦੀ ਅਗਵਾਈ ਸਰਪੰਚ ਗੁਰਸੇਵਕ ਸਿੰਘ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਪਿੰਡ ਨੂੰ ਸੋਹਣਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਵਿਸ਼ੇਸ਼ ਕਦਮ ਚੁੱਕ ਰਹੇ ਹਨ।
ਪਿੰਡ ਫੱਤਾ ਮਾਲੋਕਾ ਦੇ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਦੀ ਪੰਚਾਇਤ ਬਣੀ ਹੈ ਅਤੇ ਪੰਚਾਇਤ ਨੇ ਪਿੰਡ ਨੂੰ ਸੋਹਣਾ ਬਣਾਉਣ ਦੇ ਲਈ ਵਿਸ਼ੇਸ਼ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਦੇ ਹੋਂਦ ਵਿੱਚ ਆਉਂਦਿਆਂ ਸਾਰ ਹੀ ਪੰਚਾਇਤ ਵੱਲੋਂ ਪੰਚਾਇਤ ਘਰ ਦਾ ਨਵੀਨੀਕਰਨ ਕਰਵਾਇਆ ਗਿਆ ਹੈ। ਇਸ ਵਿੱਚ ਇੱਕ ਵੱਡਾ ਹਾਲ ਕਮਰਾ ਰਸੋਈ ਅਤੇ ਪੰਚਾਇਤ ਦੇ ਬੈਠਣ ਦੇ ਲਈ ਕਮਰੇ ਅਤੇ ਪਾਰਕ ਵੀ ਬਣਾਏ ਗਏ ਹਨ। ਇਸਤੋਂ ਇਲਾਵਾ ਪੰਚਾਇਤ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਲਈ ਇੱਕ ਸੇਵਾਦਾਰ ਵੀ ਰੱਖਿਆ ਗਿਆ ਹੈ। ਸਰਪੰਚ ਗੁਰਸੇਵਕ ਸਿੰਘ ਨੇ ਇਹ ਵੀ ਦੱਸਿਆ ਕਿ ਪੰਚਾਇਤ ਵੱਲੋਂ ਮੇਨ ਰੋਡ ਉਪਰ ਟ੍ਰੈਫ਼ਿਕ ਲਾਈਟਾਂ ਲਗਾਈਆਂ ਗਈਆਂ ਹਨ। ਦੋ ਬੱਸ ਸਟੈਂਡ ਅਤੇ ਪੁਲਿਸ ਦੇ ਸਹਿਯੋਗ ਨਾਲ ਮੇਨ ਰੋਡ ਉੱਪਰ ਬੈਰੀਕੇਟਿੰਗ ਵੀ ਕਰਵਾਈ ਗਈ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰੇ।
ਸੋਹਣੇ ਪਿੰਡਾਂ 'ਚ ਸ਼ਾਮਲ ਹੈ ਪਿੰਡ ਫੱਤਾ ਮਾਲੋਕਾ ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪੰਚਾਇਤ ਵੱਲੋਂ ਮੇਨ ਰੋਡ ਉੱਪਰ 40 ਦੇ ਕਰੀਬ ਦੁਕਾਨਾਂ ਅਤੇ ਸ਼ੋਅਰੂਮ ਬਣਾ ਕੇ ਦਿੱਤੇ ਗਏ ਹਨ ਤਾਂ ਕਿ ਨੌਜਵਾਨ ਆਪਣਾ ਰੁਜ਼ਗਾਰ ਚਲਾ ਸਕਣ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪੰਚਾਇਤ ਵੱਲੋਂ 2 ਆਪਣੇ ਪੱਧਰ ਤੇ ਕੋਚ ਰੱਖੇ ਗਏ ਹਨ ਜਿਹੜੇ ਕਿ ਨੌਜਵਾਨਾਂ ਅਤੇ ਪਿੰਡ ਦੀਆਂ ਲੜਕੀਆਂ ਨੂੰ ਵਾਲੀਬਾਲ ਬਾਸਕਿਟਬਾਲ ਫੁੱਟਬਾਲ ਅਤੇ ਹੋਰ ਖੇਡਾਂ ਦੀ ਤਿਆਰੀ ਕਰਵਾ ਰਹੇ ਹਨ। ਸਰਪੰਚ ਨੇ ਦੱਸਿਆ ਕਿ ਇਸਤੋਂ ਇਲਾਵਾ ਪਿੰਡ ਵਿੱਚ ਇੰਟਰਲੌਕ ਗਲੀਆਂ ਪਿੰਡ ਵਿੱਚ ਪੌਦੇ ਲਗਾਉਣੇ ਅਤੇ ਪਟਵਾਰਖਾਨੇ ਦਾ ਨਵੀਨੀਕਰਨ ਦੋ ਧਰਮਸ਼ਾਲਾ ਨਵੀਂਆਂ ਬਣਾਉਣੀਆਂ ਵਾਲਮੀਕ ਮੰਦਰ ਬਣਾਇਆ ਗਿਆ ਹੈ।
ਪਿੰਡ ਦੇ ਵਸਨੀਕ ਨਿਰਮਲ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਨੌਜਵਾਨ ਪੰਚਾਇਤ ਵੱਲੋਂ ਪਿੰਡ ਵਿੱਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਹਨ। ਇਸਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖਿਡਾਰੀਆਂ ਨੂੰ ਜਿੰਮ ਅਤੇ ਕੋਚ ਦਾ ਪ੍ਰਬੰਧ ਵੀ ਕਰਵਾਇਆ ਗਿਆ ਹੈ ਜੋ ਕਿ ਲੜਕੀਆਂ ਨੂੰ ਸਵੇਰੇ ਸ਼ਾਮ ਗਰਾਊਂਡ ਵਿੱਚ ਤਿਆਰੀ ਕਰਵਾ ਰਹੇ ਹਨ।
ਗਰਾਊਂਡ ਵਿੱਚ ਤਿਆਰੀ ਕਰ ਰਹੀਆਂ ਲੜਕੀਆਂ ਵਿੱਚ ਖਿਡਾਰੀ ਰੇਖਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਦੀ ਪੰਚਾਇਤ ਵੱਲੋਂ ਲੜਕੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਦੇ ਲਈ ਬਹੁਤ ਵਧੀਆ ਕਦਮ ਉਠਾਏ ਜਾ ਰਹੇ ਹਨ। ਇਸਤੋਂ ਇਲਾਵਾ ਲੜਕੀਆਂ ਨੂੰ ਖੇਡ ਕਿੱਟਾਂ ਦਾ ਵੀ ਪ੍ਰਬੰਧ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਸ਼ਾਮ ਖੇਡਾਂ ਦੀ ਜਾਣਕਾਰੀ ਦੇਣ ਦੇ ਲਈ ਕੋਚ ਦਾ ਵੀ ਪ੍ਰਬੰਧ ਕਰਵਾਇਆ ਗਿਆ ਹੈ ਜੋ ਕਿ ਸਾਨੂੰ ਖੇਡਾਂ ਦੀ ਤਿਆਰੀ ਕਰਵਾ ਰਹੇ ਹਨ।