ਮਾਨਸਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਕੈਪਟਨ ਸੰਦੀਪ ਸੰਧੂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕੀਤਾ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਨੇ ਕਿਹਾ ਕਿ ਕਾਫ਼ੀ ਦਿਨਾਂ ਤੋਂ ਪਰਿਵਾਰ ਨੂੰ ਮਿਲਣ ਦੀ ਚਾਹਤ ਸੀ ਅਤੇ ਉਹਨਾਂ ਨਾਲ ਫੋਨ ਤੇ ਗੱਲਬਾਤ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਆਪਣੇ ਫਰਜਾਂ ਨੂੰ ਪੂਰਾ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਡਾ ਜਿਗਰ ਦਾ ਟੁਕੜਾ ਚਲਾ ਗਿਆ ਹੈ ਅਤੇ ਉਸ ਨੇ ਵਾਪਸ ਨਹੀਂ ਆਉਣਾ, ਪਰ ਮਨ ਵਿੱਚ ਇਹ ਗੱਲ ਜ਼ਰੂਰ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸ਼ਾਮਲ ਅਤੇ ਸਾਜਿਸ਼ ਰਚਨ ਵਾਲੇ ਸਾਰੇ ਹੀ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇ, ਜਿਸ ਨਾਲ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅਤੇ ਉਸ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਮਨਾਂ ਨੂੰ ਕੁਝ ਨਾ ਕੁਝ ਸ਼ਾਂਤੀ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕੇ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਨੌਜਵਾਨਾਂ ਦਾ ਹਸ਼ਰ ਸਭ ਦੇ ਸਾਹਮਣੇ ਹੈ ਕਿਉਂਕਿ ਮਾੜੇ ਕੰਮਾਂ ਦੇ ਨਤੀਜੇ ਮਾੜੇ ਹੁੰਦੇ ਹਨ।
ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਮੈਨੂੰ ਯਾਦ ਹੈ ਸ਼ੁਭਦੀਪ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਪ੍ਰਧਾਨ ਵੜਿੰਗ ਵਾਰ ਵਾਰ ਇਕੋ ਹੀ ਗੱਲ ਕਹਿੰਦੇ ਸਨ ਕਿ ਉਹਨਾਂ ਦੀ ਇੱਕ ਜਿੰਮੇਵਾਰੀ ਬਣੀ ਰਹੇਗੀ, ਕਿਉਂਕਿ ਉਹਨਾਂ ਦਾ ਪਰਿਵਾਰ ਨਾਲ ਇੱਕ ਜਾਤੀ ਰਿਸ਼ਤਾ ਹੈ ਅਤੇ ਮੈਂ ਲਗਾਤਾਰ ਇਸ ਪਰਿਵਾਰ ਦੇ ਨਾਲ ਆਪਣਾ ਰਾਬਤਾ ਰਖਾਂਗਾ।