ਮਾਨਸਾ: ਤਾਲਾਬੰਦੀ ਦੌਰਾਨ ਸਰਦੂਲਗੜ੍ਹ ਵਿੱਚੋਂ ਨਿਕਲਣ ਵਾਲੇ ਘੱਗਰ ਦਾ ਸਾਫ਼ ਹੋਇਆ ਪਾਣੀ ਹੁਣ ਦੁਬਾਰਾ ਦੂਸ਼ਿਤ ਹੋਣਾ ਸ਼ੁਰੂ ਹੋ ਗਿਆ ਹੈ। ਤਾਲਾਬੰਦੀ ਖ਼ਤਮ ਹੁੰਦਿਆ ਘੱਗਰ ਦਾ ਪਾਣੀ ਮੁੜ ਕਾਲਾ ਵਗਣ ਲੱਗ ਪਿਆ ਹੈ।
ਸਰਦੂਲਗੜ੍ਹ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਦੋ ਮਹੀਨੇ ਲੱਗੀ ਤਾਲਾਬੰਦੀ ਕਾਰਨ ਫੈਕਟਰੀਆਂ ਬੰਦ ਹੋਣ ਕਾਰਨ ਘੱਗਰ ਦਾ ਪਾਣੀ ਸਾਫ਼ ਵਗਣ ਲੱਗ ਪਿਆ ਸੀ, ਪਰ ਤਾਲਾਬੰਦੀ ਖੁੱਲ੍ਹਦਿਆ ਹੀ ਘੱਗਰ ਵਿੱਚ ਫਿਰ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਕਾਲਾ ਪਾਣੀ ਦੁਬਾਰਾ ਵਗਣ ਲੱਗ ਪਿਆ ਹੈ। ਇਸ ਕਾਲੇ ਪਾਣੀ ਕਾਰਨ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣ ਰਹੇ ਹਨ।
ਸ਼ਹਿਰ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਘੱਗਰ ਦੇ ਕਾਲੇ ਪਾਣੀ ਕਾਰਨ ਆਸ ਪਾਸ ਦੇ ਪਿੰਡਾਂ ਲੋਕ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਘੱਗਰ ਦੇ ਪਾਣੀ ਨੂੰ ਸਿੰਚਾਈ ਲਈ ਵੀ ਵਰਤ ਲੈਂਦੇ ਸੀ ਪਰ ਹੁਣ ਘੱਗਰ ਦੇ ਕਾਲੇ ਪਾਣੀ ਵਿੱਚ ਨਿਰੀ ਝੱਗ ਆ ਰਹੀ ਹੈ, ਜਿਸ ਦੇ ਨਾਲ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਇਲਾਕਾ ਵਾਸੀਆਂ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ ਪਰ ਕੋਈ ਵੀ ਘੱਗਰ ਦੇ ਵੱਲ ਧਿਆਨ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵਿੱਚ ਕੋਈ ਵੱਡਾ ਹਸਪਤਾਲ ਵੀ ਨਹੀਂ ਹੈ, ਜਿੱਥੇ ਲੋਕ ਆਪਣਾ ਇਲਾਜ ਕਰਵਾ ਸਕਣ। ਸ਼ਹਿਰ ਵਾਸੀ ਸੁਰੇਸ਼ ਕੁਮਾਰ ਨੇ ਦੱਸਿਆ ਕਿ 20-22 ਸਾਲ ਪਹਿਲਾਂ ਘੱਗਰ ਦਾ ਪਾਣੀ ਬਿਲਕੁੱਲ ਸਾਫ ਵਗਦਾ ਸੀ ਅਤੇ ਲੋਕ ਇੱਥੋਂ ਪਾਣੀ ਆਪਣੇ ਘਰੇਲੂ ਵਰਤੋਂ ਦੇ ਲਈ ਵੀ ਲੈ ਕੇ ਜਾਂਦੇ ਸੀ ਪਰ ਹੁਣ 10-15 ਸਾਲ ਤੋਂ ਇਸ ਦੇ ਵਿੱਚ ਫੈਕਟਰੀਆਂ ਦਾ ਕੈਮੀਕਲ ਵਾਲਾ ਕਾਲਾ ਪਾਣੀ ਵਗ ਰਿਹਾ ਹੈ, ਜਿਸ ਦੇ ਨਾਲ ਨੇੜਲੇ ਪਿੰਡਾਂ ਦੇ ਲੋਕ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜੋ:ਸ਼੍ਰੋਮਣੀ ਅਕਾਲੀ ਦਲ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ
ਉੱਥੇ ਇੱਕ ਹੋਰ ਸ਼ਹਿਰ ਵਾਸੀ ਸੁਖਵਿੰਦਰ ਸਿੰਘ ਨਿੱਕੂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਪਾਣੀ ਬਚਾਓ ਦਾ ਨਾਅਰਾ ਦਿੰਦੀ ਹੈ ਪਰ ਉਨ੍ਹਾਂ ਨੂੰ ਘੱਗਰ ਦੇ ਵਿੱਚ ਵਗਦਾ ਕਾਲਾ ਪਾਣੀ ਬਿਲਕੁੱਲ ਵੀ ਨਹੀਂ ਦਿੱਸ ਰਿਹਾ। ਉਨ੍ਹਾਂ ਕਿਹਾ ਕਿ ਉਹ ਕੇਂਦਰ ਤੇ ਸੂਬੇ ਦੀ ਸਰਕਾਰ ਤੋਂ ਮੰਗ ਕਰਦੇ ਹਨ ਕਿ ਘੱਗਰ ਦੇ ਵਿੱਚ ਪੈਣ ਵਾਲੇ ਕਾਲੇ ਪਾਣੀ ਦਾ ਕੋਈ ਸਥਾਈ ਹੱਲ ਕੀਤਾ ਜਾਵੇ ਤਾਂ ਕਿ ਇਲਾਕੇ ਦੇ ਲੋਕ ਗੰਭੀਰ ਕੈਂਸਰ ਵਰਗੀਆਂ ਬਿਮਾਰੀਆਂ ਤੋ ਬਚ ਸਕਣ।