ਮਾਨਸਾ: ਅਦਾਕਾਰ ਅਮਨ ਧਾਲੀਵਾਲ ਨੇ ਈਟੀਵੀ ਭਾਰਤ ਖਾਸ ਗੱਲਬਾਤ ਦੌਰਾਨ ਲੰਗਰ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਕਿ ਲੰਗਰ ਦੀ ਪ੍ਰਥਾ ਜ਼ਰੂਰਤਮੰਦਾਂ ਨੂੰ ਖਾਣਾ ਦੇਣਾ ਸੀ ਪਰ ਅੱਜ ਕੱਲ ਲੰਗਰ ਸਿਰਫ਼ ਇੱਕ ਵਿਖਾਵਾ ਬਣਕੇ ਰਹਿ ਗਿਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੰਦਰਵਾੜਾ ਦੇ ਤਹਿਤ ਈਟੀਵੀ ਭਾਰਤ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਬਾਰੇ ਉਨ੍ਹਾਂ ਕਿਹਾ ਕਿ ਹਰ ਕੋਈ ਆਪਣੀ ਹਉਮੇ ਦੇ ਵਿੱਚ ਅਤੇ ਇੱਕ ਦੂਸਰੇ ਨਾਲੋਂ ਵੱਧ ਕੇ ਲੰਗਰ ਲਗਾਉਂਦੇ ਹਨ। ਸੜਕਾਂ 'ਤੇ ਵੀ ਇੱਕ ਦੂਸਰੇ ਦੇ ਬਿਲਕੁਲ ਸਾਹਮਣੇ ਲੰਗਰ ਲਗਾ ਕੇ ਵਾਹਨਾਂ ਨੂੰ ਰੋਕਦੇ ਹਨ ਜਦ ਕਿ ਅਸਲ ਜ਼ਰੂਰਤਮੰਦਾਂ ਤੱਕ ਤਾਂ ਲੰਗਰ ਵੀ ਨਹੀਂ ਪਹੁੰਚਦਾ।
ਲੰਗਰਾਂ ਸਬੰਧੀ ਅਦਾਕਾਰ ਅਮਨ ਧਾਲੀਵਾਲ ਦੇ ਵਿਚਾਰ ਅੱਗੇ ਉਨ੍ਹਾਂ ਦੱਸਿਆ ਕਿ ਜੇਕਰ ਲੰਗਰ ਲਗਾਉਣੇ ਹਨ ਤਾਂ ਜਰੂਰਤਮੰਦ ਲੋਕਾਂ ਨੂੰ ਲੰਗਰ ਪਹੁੰਚਾਇਆ ਜਾਵੇ, ਜੋ ਝੁੱਗੀਆਂ 'ਚ ਬੈਠੇ ਹਨ ਜਾਂ ਫਿਰ ਉਹ ਜ਼ਰੂਰਤਮੰਦ ਜਿਨ੍ਹਾਂ ਨੂੰ ਕਈ ਕਈ ਦਿਨ ਖਾਣਾ ਤੱਕ ਵੀ ਨਹੀਂ ਮਿਲਦਾ। ਅਮਨ ਨੇ ਕਿਹਾ ਕਿ ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਲੋਕ ਪਲਾਸਟਿਕ ਦੇ ਬਰਤਨਾਂ ਵਿੱਚ ਖਾਣਾ ਪਰੋਸਦੇ ਹਨ ਅਤੇ ਲੋਕ ਪਲਾਸਟਿਕ ਨੂੰ ਸੜਕਾਂ 'ਤੇ ਹੀ ਖਿਲਾਰ ਦਿੰਦੇ ਹਨ ਜਿਸ ਨਾਲ ਸਾਡਾ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਲੰਗਰਾਂ ਵਿੱਚ ਇਸਤੇਮਾਲ ਹੋਣ ਵਾਲਾ ਘਿਉ ਅਤੇ ਤੇਲ ਵੀ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਲਈ ਲੋੜ ਹੈ ਕਿ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਵੇ ਅਤੇ ਫੋਕੀ ਟੌਰ ਦਿਖਾਉਣ ਲਈ ਲੰਗਰਾਂ 'ਤੇ ਫਾਲਤੂ ਖਰਚ 'ਤੇ ਰੋਕ ਲਗਾਈ ਜਾਵੇ।