ਮਾਨਲਾ: ਬੁਢਲਾਡਾ ਦੇ ਸਿਵਲ ਹਸਪਤਾਲ ਵਿੱਚ ਵੱਖ-ਵੱਖ ਮੈਡੀਕਲ ਟੈਸਟਾਂ ਦੇ ਲਈ ਅੱਖਾਂ ਦੀ ਜਾਂਚ ਕਰਵਾਉਣ ਦੇ ਲਈ ਆਉਣ ਵਾਲੇ ਲੋਕਾਂ ਤੋਂ ਹਸਪਤਾਲ ਵਿੱਚ ਤੈਨਾਤ ਅਪਥਾਲਮਿਕ ਅਧਿਕਾਰੀ ਪੈਸੇ ਬਟੋਰਦਾ ਸੀ। ਇਸ ਦੀ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਕੋਲ ਕੀਤੀ ਗਈ ਤਾਂ ਉਨ੍ਹਾਂ ਦੇ ਪੀਏ ਬਲਵਿੰਦਰ ਸਿੰਘ ਹਸਪਤਾਲ ਪਹੁੰਚ ਗਏ। ਉੱਥੇ ਉਨ੍ਹਾਂ ਅਧਿਕਾਰੀ ਤੋਂ ਰਿਸ਼ਵਤ ਦੇ ਪੈਸੇ ਲੋਕਾਂ ਨੂੰ ਵਾਪਸ ਕਰਵਾਏ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਫੀ ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੇ ਦਫ਼ਤਰ ਵਿੱਚ ਕੀਤੀ ਗਈ ਤਾਂ ਅਧਿਕਾਰੀ ਨੇ ਆਪਣੀ ਗ਼ਲਤੀ ਦਾ ਅਹਿਸਾਸ ਕਰ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਿਸ਼ਵਾਸ ਦਿੱਤਾ ਸੀ ਪਰ ਉਨ੍ਹਾਂ ਫਿਰ ਉਹੀ ਕੀਤਾ। ਕੁੱਝ ਲੋਕ ਉਨ੍ਹਾਂ ਤੋਂ ਫਿਟਨੈੱਸ ਸਰਟੀਫਿਕੇਟ ਬਣਵਾਉਣ ਲਈ ਗਏ ਸਨ ਅਪਥਾਲਮਿਕ ਅਧਿਕਾਰੀ ਇੰਦਰਾਜ ਸਿੰਗਲਾ ਨੇ ਇੱਕ ਦੀ ਫਾਈਲ ਤੇ ਅਨਫਿੱਟ ਲਿਖ ਦਿੱਤਾ। ਉਹ ਵਿਅਕਤੀ ਫਿਰ ਬੁੱਧਰਾਮ ਦੇ ਦਫ਼ਤਰ ਪਹੁੰਚਿਆ। ਇਸ ਤੋਂ ਬਾਅਦ ਬਲਵਿੰਦਰ ਸਿੰਘ ਨੇ ਜਾ ਕੇ ਇੰਦਰਾਜ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਪੈਸੇ ਲੈਣ ਦੀ ਗੱਲ ਸਵੀਕਾਰ ਕੀਤੀ ਅਤੇ ਲੋਕਾਂ ਤੋਂ ਲਏ ਪੈਸੇ ਵਾਪਸ ਕੀਤੇ।