ਮਾਨਸਾ ਵਿਖੇ ਸ਼ੁਰੂ ਹੋਇਆ ਤਿੰਨ ਦਿਨਾਂ ਮੇਲਾ ਮਾਨਸਾ:ਪੰਜਾਬੀ ਸੱਚਿਆਚਾਰ, ਵਿਰਸੇ ਅਤੇ ਵਿਰਾਸਤ ਨੂੰ ਜ਼ਿੰਦਾ ਰੱਖਣ 'ਚ ਮੇਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਕਾਰਨ ਦੂਜੇ ਸੂਬਿਆਂ ਦੇ ਸੱਭਿਆਚਾਰ, ਰਹਿਣ-ਸਹਿਣ ਅਤੇ ਲੋਕਾਂ ਨਾਲ ਮੇਲ-ਮਿਲਾਪ ਦਾ ਮੌਕਾ ਮਿਲਦਾ ਹੈ। ਅਜਿਹੇ ਹੀ 3 ਦਿਨਾਂ ਟਿੱਬਿਆਂ ਦੇ ਮੇਲੇ ਦਾ ਆਗਾਜ਼ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਹੋਇਆ। ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਵੱਲੋਂ ਕੀਤਾ ਗਿਆ ।
ਮੇਲੇ ਦੀ ਖਾਸੀਅਤ: ਟਿੱਬਿਆਂ ਦੇ ਇਸ ਮੇਲੇ ਵਿੱਚ ਜਿੱਥੇ ਵਿਰਾਸਤ ਨਾਲ ਜੁੜੀਆਂ ਵਸਤੂਆਂ ਦੇਖਣ ਨੂੰ ਮਿਲਣਗੀਆਂ, ਉਥੇ ਹੀ ਸਾਡੇ ਅਲੋਪ ਹੋ ਰਹੇ ਵਿਰਸੇ ਨੂੰ ਜੀਵਤ ਕਰਨ ਦੀ ਵੀ ਝਲਕ ਪੇਸ਼ ਕੀਤੀ ਜਾ ਰਹੀ ਹੈ। ਮਾਲਵੇ ਦੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਦੀ ਝਲਕ ਪੇਸ਼ ਕਰਦੇ ਟਿੱਬਿਆਂ ਦੇ ਤਿੰਨ ਦਿਨਾਂ ਮੇਲੇ ਦੌਰਾਨ ਤ੍ਰਿੰਜਣਾ, ਚਰਖੇ, ਪੀਂਘਾ ਚਾਟੀ, ਮਧਾਣੀ ਵਰਗੀਆਂ ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤੂਆਂ ਨੂੰ ਪੇਸ਼ ਕੀਤਾ ਜਾ ਰਿਹਾ ਹੈ । ਇਸ ਮੇਲੇ ਵਿੱਚ ਕਲਾ-ਕਿਰਤੀਆਂ, ਸੰਸਕ੍ਰਿਤੀ, ਗੀਤ, ਭੰਗੜੇ ਅਤੇ ਗਿੱਧੇ ਦੀ ਝਲਕ ਵੀ ਪੇਸ਼ ਕੀਤੀ ਜਾ ਰਹੀ ਹੈ ।
ਬਾਜ਼ੀਗਰਾਂ ਦੀਆਂ ਬਾਜ਼ੀਆਂ: ਟਿੱਬਿਆਂ ਦੇ ਇਸ ਮੇਲੇ ਵਿੱਚ ਬਾਜ਼ੀਗਰਾਂ ਦੀ ਬਾਜ਼ੀਆਂ ਅਤੇ ਹੋਰ ਵੀ ਵਿਰਾਸਤ ਨਾਲ ਸੰਬੰਧਿਤ ਝਲਕਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਦੂਜੇ ਸੂਬਿਆਂ ਤੋਂ ਆਏ ਦੁਕਾਨਦਾਰਾਂ ਵੱਲੋਂ ਆਪਣੇ-ਆਪਣੇ ਸੱਭਿਆਚਾਰ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਲੋਕਾਂ ਦਾ ਠਾਠਾਂ ਮਾਰਦਾ ਇੱਕਠ ਇਹ ਦੱਸ ਰਿਹਾ ਹੈ ਕਿ ਲੋਕ ਅੱਜ ਵੀ ਆਪਣੇ ਪੁਰਾਣੇ ਸੱਭਿਆਚਾਰ ਨੂੰ ਕਿੰਨਾ ਪਿਆਰ ਕਰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਵੇਂ ਅੱਜ ਅਸੀਂ ਕਿੰਨੀ ਵੀ ਤਰੱਕੀ ਕਰ ਲਈ ਹੋਣੇ ਪਰ ਪਰਾਣੀਆਂ ਚੀਜ਼ਾਂ, ਰਸਮਾਂ, ਰੀਤਾਂ, ਪਹਿਰਾਵਾ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ ਅਤੇ ਇਸ ਦੀ ਦਿੱਖ ਕਦੇ ਵੀ ਫਿੱਕੀ ਨਹੀਂ ਪਵੇਗੀ।
3 ਦਿਨਾਂ ਟਿੱਬਿਆਂ ਦਾ ਮੇਲਾ: ਮੇਲੇ ਦੇ ਪਹਿਲੇ ਦਿਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਵੱਲੋਂ ਮੇਲੇ ਦਾ ਉਦਘਾਟਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਟਿੱਬਿਆਂ ਦਾ ਤਿੰਨ ਦਿਨਾਂ ਮੇਲਾ ਕਰਵਾਇਆ ਜਾ ਰਿਹਾ ਹੈ । ਜਿਸ ਦਾ ਅੱਜ ਆਗਾਜ਼ ਹੋ ਚੁੱਕਿਆ ਹੈ ਅਤੇ ਇਸ ਮੇਲੇ ਦੇ ਆਖਰੀ ਦਿਨ 10 ਦਸੰਬਰ ਨੂੰ ਸੱਭਿਆਚਾਰਕ ਮੰਤਰੀ ਅਨਮੋਲ ਗਗਨ ਮਾਨ ਸ਼ਿਰਕਤ ਕਰਨਗੇ ਅਤੇ ਪੰਜਾਬੀ ਗਾਇਕ ਕਨਵਰ ਗਰੇਵਾਲ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਜਿੱਥੇ ਜ਼ਿਲ੍ਹੇ ਦੇ ਸਕੂਲੀ ਵਿਿਦਆਰਥੀ, ਪਿੰਡਾਂ ਦੇ ਨੌਜਵਾਨ ਅਤੇ ਆਮ ਲੋਕ ਹਿੱਸਾ ਲੈ ਰਹੇ ਨੇ ਉੱਥੇ ਹੀ ਇਸ ਮੇਲੇ ਵਿੱਚ ਆਉਣ ਵਾਲੇ ਦੂਜੇ ਸੂਬਿਆਂ ਦੇ ਲੋਕ ਵੀ ਟਿੱਬਿਆਂ ਦੇ ਇਸ ਮੇਲੇ ਦੀ ਸ਼ੋਭਾ ਵਧਾ ਰਹੇ ਹਨ ।ਉਹਨਾਂ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮੇਲੇ ਦੀ ਸ਼ਾਨ ਨੂੰ ਵਧਾਉਣ ਦੇ ਲਈ ਮੇਲੇ 'ਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।