ਮਾਨਸਾ:ਜ਼ਿਲ੍ਹੇ ’ਚ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਕੂੜੇ ਦੇ ਢੇਰਾਂ ਚੋਂ ਦਬਿਆ ਵਿਵਾਦਤ ਸਟੇਡੀਅਮ ਇਕ ਵਾਰ ਫਿਰ ਸੁਰਖੀਆਂ ’ਚ ਹੈ। ਦੱਸ ਦਈਏ ਕਿ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਕੂੜੇ ਦੇ ਢੇਰਾਂ ਨੂੰ ਹਟਾ ਕੇ ਲੋਕਾਂ ਦੇ ਲਈ ਸੈਰਗਾਹ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਨਗਰ ਕੌਂਸਲ ਵੱਲੋਂ ਸੈਰਗਾਹ ਦੇ ਲਈ 15 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਪੋਜ਼ਲ ਪਾਸ ਕੀਤਾ ਗਿਆ ਹੈ।
ਸ਼ਹਿਰਵਾਸੀਆਂ ਲਈ ਤਿਆਰ ਕੀਤਾ ਜਾਵੇਗਾ ਸੈਰਗਾਹ
ਇਸ ਸਬੰਧ ’ਚ ਨਗਰ ਕੌਂਸਲ ਦੇ ਈਓ ਰਵੀ ਕੁਮਾਰ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਡੇਰਾ ਬਾਬਾ ਭਾਈ ਗੁਰਦਾਸ ਦੇ ਨੇੜੇ ਪੂਰੇ ਸ਼ਹਿਰ ਦੇ ਕੂੜੇ ਦਾ ਡੰਪ ਲਗਾਇਆ ਗਿਆ ਹੈ ਜਿਸ ਨੂੰ ਹਟਾਉਣ ਦੇ ਲਈ ਹੁਣ ਨਗਰ ਕੌਂਸਲ ਵੱਲੋਂ 15 ਕਰੋੜ ਰੁਪਏ ਦਾ ਪ੍ਰਪੋਜ਼ਲ ਪਾਸ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੂੜੇ ਦੇ ਢੇਰ ਨੂੰ ਹਟਾ ਕੇ ਇਸ ਥਾਂ ’ਤੇ ਫੁੱਲ ਬੂਟੇ ਲਗਾ ਕੇ ਸ਼ਹਿਰ ਵਾਸੀਆਂ ਦੇ ਲਈ ਘੁੰਮਣ ਲਈ ਸੈਰਗਾਹ ਬਣਾਈ ਜਾਵੇਗੀ। ਜਿੱਥੇ ਇੱਕ ਪਾਸੇ ਸ਼ਹਿਰ ਚੋਂ ਕੂੜੇ ਦੀ ਸਮੱਸਿਆ ਦਾ ਹੱਲ ਹੋਵੇਗਾ ਨਾਲ ਹੀ ਕੂੜੇ ਨਾਲ ਫੈਲ ਰਹੀਆਂ ਬੀਮਾਰੀਆਂ ਤੋਂ ਨਿਜਾਤ ਮਿਲੇਗੀ ਉੱਥੇ ਦੂਜੇ ਪਾਸੇ ਲੋਕਾਂ ਨੂੰ ਘੁੰਮਣ ਦੇ ਲਈ ਇੱਕ ਵਧੀਆ ਥਾਂ ਮਿਲ ਜਾਵੇਗੀ।