ਗੰਦੇ ਪਾਣੀ ਦੀ ਨਿਕਾਸੀ ਲਈ ਪੁੱਟੇ ਛੱਪੜ 'ਚ ਡੁੱਬਿਆ 6 ਸਾਲ ਦਾ ਬੱਚਾ, ਮੌਤ ਮਾਨਸਾ:ਮਾਨਸਾ ਦੇ ਕਸਬਾ ਬੁਢਲਾਡਾ ਦੇ ਵਾਰਡ ਨੰਬਰ 17 ਵਿੱਚ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਗੰਦੇ ਪਾਣੀ ਦੀ ਨਿਕਾਸੀ ਲਈ ਪੁੱਟੇ ਗਏ ਛੱਪੜ ਵਿੱਚ ਇਕ 6 ਸਾਲ ਦਾ ਬੱਚਾ ਡੁੱਬ ਗਿਆ ਹੈ। ਇਸ ਨਾਲ ਬੱਚੇ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਵਲੋਂ ਨਗਰ ਨਿਗਮ ਦੇ ਖਿਲਾਫ਼ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਪਰਿਵਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਿਕ ਜਿੱਥੇ ਇਹ ਛੇ ਸਾਲ ਦਾ ਬੱਚਾ ਡੁੱਬਿਆ ਹੈ, ਉੱਥੇ ਨਗਰ ਨਿਗਮ ਵੱਲੋਂ ਕਈ ਸਾਲਾਂ ਤੋਂ ਪਾਣੀ ਦੀ ਨਿਕਾਸੀ ਲਈ ਛੱਪੜ ਪੁੱਟਿਆ ਗਿਆ ਹੈ। ਛੱਪੜ ਵਿੱਚ ਦਲਦਲ ਬਣੀ ਹੋਣ ਕਾਰਨ ਇਹ ਬੱਚਾ ਬਾਹਰ ਨਹੀਂ ਨਿਕਲ ਸਕਿਆ ਤੇ ਇਸ ਬੱਚੇ ਦੀ ਮੌਤ ਹੋ ਗਈ। ਦੂਜੇ ਪਾਸੇ ਬੱਚੇ ਦੇ ਪਰਿਵਾਰ ਨੇ ਲਾਸ਼ ਸੜਕ ਉੱਤੇ ਰੱਖ ਕੇ ਨਗਰ ਨਿਗਮ ਖਿਲਾਫ ਨਾਅਰੇਬਾਜ਼ੀ ਕੀਤੀ। ਪਰਿਵਾਰ ਨੇ ਕਿਹਾ ਕਿ ਇਸ ਮੌਤ ਲਈ ਜ਼ਿੰਮੇਵਾਰ ਵਿਅਕਤੀ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ:ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੀ ਝੜਪ, ਇਕ ਕੈਦੀ ਜ਼ਖ਼ਮੀ
ਲੋਕਾਂ ਨੇ ਕੀਤਾ ਨਗਰ ਨਿਗਮ ਦਾ ਵਿਰੋਧ:ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਨਾਨਾ ਨਿਰਮਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦਾ 6 ਸਾਲ ਦਾ ਦੋਹਤਾ ਏਕਮ ਸਿੰਘ ਪੁੱਤਰ ਰਵੀ ਸਿੰਘ ਪਿਛਲੇ ਲੰਮੇ ਸਮੇਂ ਤੋਂ ਬੁਢਲਾਡਾ ਵਿਖੇ ਉਨ੍ਹਾਂ ਕੋਲ ਹੀ ਰਹਿ ਰਿਹਾ ਸੀ ਅਤੇ ਦੁਪਹਿਰ ਸਮੇਂ ਉਹ ਘਰ ਤੋਂ ਬਾਹਰ ਖੇਡਣ ਲਈ ਗਿਆ ਤਾਂ ਨਗਰ ਕੋਸਲ ਵੱਲੋਂ ਕੁੱਝ ਸਮਾਂ ਪਹਿਲਾਂ ਵਾਰਡ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਪੁੱਟੇ ਟੋਏ ਵਿੱਚ ਜਾ ਡਿੱਗਿਆ।ਇਹ ਟੋਆ ਬਰਸਾਤਾਂ ਸਮੇਂ ਗੰਦੇ ਪਾਣੀ ਨਾਲ ਭਰ ਜਾਣ ਕਾਰਨ ਦਲਦਲ ਦਾ ਰੂਪ ਧਾਰਨ ਕਰ ਚੁੱਕਾ ਸੀ, ਜਿਸ ਵਿੱਚ ਉਨ੍ਹਾਂ ਦਾ ਦੋਹਤਾ ਡਿੱਗ ਗਿਆ ਅਤੇ ਉਸ ਨੂੰ ਉੱਥੇ ਖੜੇ ਲੋਕਾਂ ਦੀ ਸਹਾਇਤਾ ਨਾਲ ਬਾਹਰ ਕੱਢਕੇ ਸਿਵਲ ਹਸਪਤਾਲ ਲਿਆਂਦ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਸਰੇ ਪਾਸੇ ਇਸ ਦੁੱਖਦਾਈ ਘਟਨਾ ਦੇ ਰੋਸ ਵਜੋਂ ਵਾਰਡ ਵਾਸੀਆਂ ਵੱਲੋ ਸ਼ਹਿਰ ਦੇ ਰਤੀਆ-ਬੁਢਲਾਡਾ ਰੋਡ ਤੇ ਮ੍ਰਿਤਕ ਬੱਚੇ ਦੀ ਲਾਸ਼ ਸੜਕ ਵਿਚਕਾਰ ਰੱਖ ਕੇ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਨਗਰ ਕੌਂਸਲ ਦੇ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।