ਮਾਨਸਾ: ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਦਾ ਮਨਜਿੰਦਰ ਸਿੰਘ 14 ਨਵੰਬਰ 2017 ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸ਼ਹੀਦ ਹੋ ਗਿਆ ਸੀ। ਸ਼ਹੀਦ ਦੀ ਅੰਤਿਮ ਅਰਦਾਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਹੀਦ ਮਨਜਿੰਦਰ ਸਿੰਘ ਦੀ ਯਾਦ ਵਿੱਚ ਲੜਕੀਆਂ ਲਈ ਸਕੂਲ ਬਣਾਉਣ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਕਿਹਾ ਸੀ। ਸ਼ਹੀਦ ਦੀ ਸ਼ਹਾਦਤ ਨੂੰ ਤਿੰਨ ਸਾਲ ਬੀਤ ਗਏ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਸ਼ਹੀਦ ਮਨਜਿੰਦਰ ਸਿੰਘ ਦੀ ਮਾਂ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤ ਮਨਜਿੰਦਰ ਸਿੰਘ ਤਿੰਨ ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ। ਦੇਸ਼ ਦੀ ਸੇਵਾ ਕਰਦਿਆਂ ਉਹ ਸ਼ਹਾਦਤ ਦਾ ਜਾਮ ਪੀ ਗਿਆ। ਸਰਕਾਰ ਵੱਲੋਂ ਅੰਤਿਮ ਅਰਦਾਸ ਮੌਕੇ ਮਨਜਿੰਦਰ ਦੀ ਯਾਦ ਵਿੱਚ ਲੜਕੀਆਂ ਦਾ ਸਕੂਲ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਤਿੰਨ ਸਾਲ ਬੀਤ ਗਏ, ਸਰਕਾਰ ਵੱਲੋਂ ਨਾ ਤਾਂ ਮਨਜਿੰਦਰ ਸਿੰਘ ਦੇ ਨਾਂਅ ਉੱਤੇ ਸਕੂਲ ਦਾ ਕੋਈ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਨਾ ਹੀ ਪਰਿਵਾਰ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਅਜਿਹੇ ਵਾਅਦੇ ਕਰਕੇ ਪੂਰੇ ਨਹੀਂ ਕਰਨੇ ਹੁੰਦੇ ਤਾਂ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਅਜਿਹੇ ਮਜ਼ਾਕ ਨਾ ਕੀਤੇ ਜਾਣ ਤੇ ਜੇ ਸਰਕਾਰ ਨੇ ਵਾਅਦਾ ਕੀਤਾ ਹੈ ਤਾਂ ਸਰਕਾਰ ਤੁਰੰਤ ਪੂਰਾ ਕਰੇ।
ਸ਼ਹੀਦ ਮਨਜਿੰਦਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਕਿਹਾ ਕਿ ਹੁਣ ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਪੰਜਾਬ ਦੇ ਚਾਰ ਸੈਨਿਕ ਸ਼ਹੀਦ ਹੋਏ ਹਨ ਤੇ ਉਨ੍ਹਾਂ ਦੇ ਨਾਂਅ ਉੱਤੇ ਸਕੂਲਾਂ ਦਾ ਨਾਮਕਰਨ ਕੀਤਾ ਗਿਆ ਹੈ, ਇਸੇ ਤਰ੍ਹਾਂ ਹੀ ਜਿਵੇਂ ਸਰਕਾਰ ਨੇ ਵਾਅਦਾ ਕੀਤਾ ਸੀ ਉਨ੍ਹਾਂ ਦੇ ਬੇਟੇ ਦੀ ਯਾਦ ਵਿੱਚ ਵੀ ਲੜਕੀਆਂ ਦਾ ਸਕੂਲ ਬਣਾਇਆ ਜਾਵੇ।
ਪਿੰਡ ਵਾਸੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਸਕੂਲ ਬਣਾਉਣ ਦੇ ਲਈ ਜ਼ਮੀਨ ਵੀ ਦੇ ਦਿੱਤੀ ਗਈ ਸੀ ਅਤੇ ਸਰਕਾਰ ਨੂੰ ਫਾਈਲ ਬਣਾ ਕੇ ਭੇਜ ਦਿੱਤੀ ਗਈ ਸੀ ਪਰ ਅਜੇ ਤੱਕ ਸਰਕਾਰ ਵੱਲੋਂ ਉਸ ਫਾਈਲ ਉੱਤੇ ਕੋਈ ਵੀ ਕੰਮ ਨਹੀਂ ਕੀਤਾ ਗਿਆ ਜਦ ਕਿ ਨੇੜਲੇ ਪਿੰਡਾਂ ਵਿੱਚ ਵੀ ਲੜਕੀਆਂ ਦਾ ਕੋਈ ਸਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਛੇਤੀ ਹੀ ਸ਼ਹੀਦ ਮਨਜਿੰਦਰ ਸਿੰਘ ਦੇ ਨਾਂਅ ਉੱਤੇ ਲੜਕੀਆਂ ਦਾ ਸਕੂਲ ਬਣਾਵੇ ਤਾਂ ਜੋ ਸ਼ਹੀਦ ਮਨਜਿੰਦਰ ਸਿੰਘ ਸਦਾ ਦੇ ਲਈ ਅਮਰ ਰਹੇ।