ਮਾਨਸਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਐਲਾਨੇ ਗਏ ਨਤੀਜਿਆਂ ਅਨੁਸਾਰ ਪਹਿਲੇ ਤਿੰਨ ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ। ਜਾਣਕਾਰੀ ਮੁਤਾਬਿਕ ਹਿਊਮੈਨਟੀਜ ਗਰੁੱਪ ਵਿਚ ਪਹਿਲਾਂ ਸਥਾਨ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਹਾਸਲ ਕੀਤਾ ਹੈ। ਉਸਨੇ 500 ਵਿਚੋਂ 500 ਨੰਬਰ ਹਾਸਲ ਕੀਤੇ ਹਨ। ਇਸੇ ਤਰ੍ਹਾਂ ਐਮ.ਐਸ.ਡੀ.ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸ਼ਰੇਆ ਸਿੰਗਲਾ ਨੇ 498 ਨੰਬਰ ਹਾਸਲ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ।
ਲੁਧਿਆਣਾ ਵੀ ਲੈ ਗਿਆ ਨੰਬਰ :ਲੁਧਿਆਣਾ ਦੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਐਚ.ਐਮ 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਨੇ 497 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਬੋਰਡ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ਅਨੁਸਾਰ ਸਾਇੰਸ 98.8 , ਕਾਮਰਸ 98.30 ਫੀਸਦ, ਹਿਊਮੈਨਿਟੀ 90.62 ਅਤੇ ਵੋਕੇਸ਼ਨਲ ਦਾ ਦਾ ਨਤੀਜਾ 84.66 ਫੀਸਦੀ ਰਿਹਾ। ਇਸ ਸਾਲ 6.25 ਫੀਸਦੀ ਕੰਪਾਰਟਮੈਂਟ ਆਈਆਂ ਹਨ।
ਪਾਸ ਫੀਸਦ ਰਹੀ 91.03 : ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਾਰ 296709 ਵਿਦਿਆਰਥੀ ਪੇਪਰਾਂ ਵਿੱਚ ਬੈਠੇ ਸਨ , ਜਿਨਾਂ ਵਿਚੋਂ 274378 ਵਿਦਿਆਰਥੀ ਪਾਸ ਹੋਏ ਹਨ ਜਦਕਿ 3637 ਵਿਦਿਆਰਥੀ ਫੇਲ ਹੋਏ ਹਨ। ਇਸ ਤੋਂ ਇਲਾਵਾ 12569 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਅਤੇ 125 ਵਿਦਿਅਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਲੜਕੀਆਂ ਦੀ ਪਾਸ ਫੀਸਦ 95.14 ਫੀਸਦੀ ਰਹੀ ਅਤੇ ਲੜਕਿਆਂ ਦੀ ਪਾਸ ਫੀਸਦ 90.25 ਰਹੀ ਹੈ। ਸ਼ਹਿਰੀ ਖੇਤਰਾਂ ਵਿ ਚ ਪਾਸ ਫੀਸਦ 92.90 , ਪੇਂਡੂ ਖੇਤਰਾਂ ਵਿਚ 92.17 , ਸਰਕਾਰੀ ਸਕੂਲਾਂ ਵਿੱਚ 91.86 , ਨਿੱਜੀ ਸਕੂਲਾਂ ਦੀ ਪਾਸ ਫੀਸਦ 94.77 ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਪਾਸ ਫੀਸਦ 91.03 ਫੀਸਦੀ ਰਹੀ।
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ,ਅਧਿਆਪਕਾਂ ਅਤੇ ਉਨਾਂ ਦੇ ਮਾਪਿਆਂ ਨੂੰ ਵਧੀਆਂ ਨਤੀਜਿਆਂ ਲਈ ਵਧਾਈ ਦਿੱਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ 24 ਮਈ 2023 ਨੂੰ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿੱਚ ਕੁੱਲ 92.47 ਫੀਸਦੀ ਵਿਦਿਆਰਥੀ ਸਫਲ ਹੋਏ ਹਨ। ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ਰਾਹੀਂ ਨਤੀਜੇ ਦੇਖ ਸਕਦੇ ਹਨ। 12ਵੀਂ ਦੀ ਪ੍ਰੀਖਿਆ 20 ਅਪ੍ਰੈਲ 2023 ਤੱਕ ਲਈ ਗਈ ਸੀ। ਲਗਭਗ 3 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।ਕੁੜੀਆਂ ਨੇ ਮਾਰੀ ਬਾਜ਼ੀ: ਇਸ ਪ੍ਰੀਖਿਆ ਵਿੱਚ ਮਾਨਸਾ ਦੀ ਸੁਜਾਨ ਕੌਰ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬਠਿੰਡਾ ਦੀ ਸ਼ਰੇਆ ਦੂਜੇ ਨੰਬਰ ਉਤੇ ਹੈ ਤੀਜਾ ਸਥਾਨ ਹਾਸਲ ਕਰਨ ਵਾਲੀ ਲੁਧਿਆਣਾ ਦੀ ਨਵਪ੍ਰੀਤ ਕੌਰ ਹੈ।