ਪਾਰਟੀ ਦੌਰਾਨ ਨੌਜਵਾਨਾਂ ਨੂੰ ਹਵਾਈ ਫਾਇਰ ਕਰਨਾ ਪਿਆ ਮਹਿੰਗਾ, ਪੁਲਿਸ ਨੇ ਦੋਹਾਂ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਕਸਬੇ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਦੋ ਨੌਜਵਾਨਾਂ ਵੱਲੋਂ ਹਵਾ ਵਿੱਚ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਫਾਇਰਿੰਗ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਨੌਜਵਾਨ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਬਿੱਟੂ ਚਿਕਨ ਕਾਰਨਰ ਗਏ। ਇਸ ਤੋਂ ਬਾਅਦ ਬਾਹਰ ਸੜਕ ਵਿੱਚ ਆਕੇ ਨੌਜਵਾਨ ਜਗਦੀਪ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ 2 ਫਾਇਰ ਕਰ ਦਿੱਤੇ ਅਤੇ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਤੈਸ਼ ਵਿੱਚ ਆਕੇ ਕੀਤੀ ਫਾਇਰਿੰਗ: ਮਾਮਲੇ ਧਿਆਨ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਫਾਇਰਿੰਗ ਕਰਨ ਵਾਲੇ ਜਗਦੀਪ ਸਿੰਘ ਅਤੇ ਗੁਰਦੀਪ ਲਾਲ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਜਨਮ ਦਿਨ ਦੀ ਪਾਰਟੀ ਨੌਜਵਾਨਾਂ ਵੱਲੋਂ ਜੋਸ਼ ਵਿੱਚ ਆਕੇ ਕੀਤੀ ਗਈ ਫਾਇਰਿੰਗ ਮਹਿੰਗੀ ਪੈ ਗਈ। ਡੀਐੱਸਪੀ ਮੁਤਾਬਿਕ ਪੰਜਾਬ ਵਿੱਚ ਪਹਿਲਾਂ ਹੀ ਜਨਤਕ ਥਾਵਾਂ ਉੱਤੇ ਅਸਲਾ ਲੈਕੇ ਜਾਣ ਉੱਤੇ ਪੂਰੀ ਤਰਾਂ ਪਾਬੰਦੀ ਹੈ ਅਤੇ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਨੇ ਨਿਯਮਾਂ ਦੀ ਉਣਘਣਾ ਕੀਤੀ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ।
ਲਾਇਸੰਸ ਰੱਦ: ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਪਹਿਲਾਂ ਹੀ ਅਸਲੇ ਦੀ ਨੁਮਾਇਸ਼ ਅਤੇ ਅਸਲੇ ਦੀ ਨਜਾਇਜ਼ ਵਰਤੋਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਲੋਕਾਂ ਦੇ ਲਾਇਸੰਸ ਵੀ ਰੀਵਿਊ ਪੁਲਿਸ ਵੱਲੋਂ ਕੀਤੇ ਗਏ ਸਨ। ਇੰਨਾ ਹੀ ਨਹੀਂ ਲੁਧਿਆਣਾ ਪੁਲਿਸ ਵੱਲੋਂ ਕਈ ਅਸਲਾ ਧਾਰਕਾਂ ਦੇ ਲਾਇਸੰਸਾਂ ਵੀ ਰੱਦ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਫਾਇਰਿੰਗ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦੇ ਅਸਲੇ ਲਾਇਸੰਸ ਵੀ ਰੱਦ ਕੀਤੇ ਜਾਣਗੇ ਅਤੇ ਉਹਨਾਂ ਦੇ ਖ਼ਿਲਾਫ਼ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਵਿੱਚ ਪਹਿਲਾਂ ਹੀ ਹਾਈ ਅਲਰਟ ਚੱਲ ਰਿਹਾ ਹੈ ਡੀਐੱਸਪੀ ਦੇ ਮੁਤਾਬਕ ਉਹ ਸੜਕ ਕਾਫੀ ਚੱਲਦੀ ਹੈ ਜਿੱਥੇ ਫਾਿਰਿੰਗ ਕੀਤੀ ਗਈ ਉਨ੍ਹਾਂ ਕਿਹਾ ਅਜਿਹਾ ਕੰਮ ਕਰਨ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਨੌਜਵਾਨਾਂ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਡੀਐੱਸਪੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਕੋਲ ਲਾਇਸੰਸੀ ਹਥਿਆਰ ਹਨ ਤਾਂ ਉਨ੍ਹਾਂ ਦੀ ਪ੍ਰਦਰਸ਼ਨੀ ਜਾਂ ਨੁਮਾਇਸ਼ ਨਾ ਲਗਾਓ। ਉਨ੍ਹਾਂ ਕਿਹਾ ਕਿ ਹਥਿਆਰਾਂ ਦੇ ਲਾਇਸੰਸ ਸਰਕਾਰ ਵੱਲੋਂ ਜਾਨੀ ਸੁਰੱਖਿਆ ਲਈ ਦਿੱਤੇ ਜਾਂਦੇ ਨੇ ਅਤੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਜੇਕਰ ਕੋਈ ਦਿਖਾਵੇ ਲਈ ਕਰੇਗਾ ਤਾਂ ਕਾਨੂੰਨ ਦੇ ਅਧੀਨ ਉਸ ਖ਼ਿਲਾਫ਼ ਢੁੱਕਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:ਪੰਜਾਬ ਦੇ ਗਰਮ ਮਾਹੌਲ ਵਿਚਕਾਰ ਜਲੰਧਰ ਦੀ ਜ਼ਿਮਨੀ ਚੋਣ, ਸੱਤਾ ਧਿਰ 'ਆਪ' ਲਈ ਚੁਣੌਤੀ, ਮਾਹੌਲ ਦਾ ਕਿਸ ਨੂੰ ਮਿਲੇਗਾ ਲਾਹਾ। ਪੜ੍ਹੋ ਖ਼ਾਸ ਰਿਪੋਰਟ