ਪੰਜਾਬ

punjab

ETV Bharat / state

Animal Lovers: ਜਾਨਵਰਾਂ ਲਈ ਮਸੀਹਾ ਬਣਿਆ ਨੌਜਵਾਨ, ਲੇਖੇ ਲਾਈ ਜ਼ਿੰਦਗੀ, 600 ਤੋਂ ਵੱਧ ਪਾਲਤੂ ਤੇ ਅਵਾਰਾ ਜਾਨਵਰਾਂ ਦਾ ਕਰ ਚੁੱਕਾ ਹੈ ਇਲਾਜ

ਲੁਧਿਆਣਾ ਦਾ ਰਹਿਣ ਵਾਲਾ ਨੌਜਵਾਨ ਰੋਹਿਤ, ਜਿਸ ਨੇ ਨੌਕਰੀ ਛੱਡ ਕੇ ਜਾਨਵਰਾਂ ਦੇ ਲੇਖੇ ਆਪਣੀ ਜ਼ਿੰਦਗੀ ਲਗਾ ਦਿੱਤੀ। ਰੋਹਿਤ ਵਲੋਂ ਕਰੀਬ ਦੋ ਸਾਲਾਂ ਤੋਂ ਆਵਰਾ ਅਤੇ ਪਾਲਤੂ ਜਾਨਵਰਾਂ ਦਾ ਮੁਫ਼ਤ 'ਚ ਇਲਾਜ ਵੀ ਕੀਤਾ ਜਾ ਚੁੱਕਿਆ ਹੈ।

ਜਾਨਵਰਾਂ ਲਈ ਮਸੀਹਾ ਬਣਿਆ ਨੌਜਵਾਨ
ਜਾਨਵਰਾਂ ਲਈ ਮਸੀਹਾ ਬਣਿਆ ਨੌਜਵਾਨ

By ETV Bharat Punjabi Team

Published : Nov 10, 2023, 11:29 AM IST

ਜਾਨਵਰਾਂ ਲਈ ਮਸੀਹਾ ਬਣੇ ਨੌਜਵਾਨ ਦੀ ਕਹਾਣੀ

ਲੁਧਿਆਣਾ:ਲੁਧਿਆਣਾ ਦਾ ਰੋਹਿਤ ਜਾਨਵਰਾਂ ਦੇ ਲਈ ਮਸੀਹਾ ਬਣ ਚੁੱਕਿਆ ਹੈ। ਉਹ ਹੁਣ ਤੱਕ 600 ਤੋਂ ਵਧੇਰੇ ਪਾਲਤੂ ਜਾਨਵਰਾਂ ਦਾ ਇਲਾਜ ਮੁਫਤ ਦੇ ਵਿੱਚ ਕਰ ਚੁੱਕਾ ਹੈ। ਜਾਨਵਰਾਂ ਦਾ ਇਲਾਜ ਕਰਨ ਤੋਂ ਬਾਅਦ ਉਹ ਉਹਨਾਂ ਨੂੰ ਵਾਪਸ ਛੱਡ ਦਿੰਦਾ ਹੈ। ਉਸ ਦੇ ਸ਼ੈਡ ਦੇ ਵਿੱਚ ਹੁਣ ਵੀ 30 ਤੋਂ 35 ਕੁੱਤੇ ਮੌਜੂਦ ਹਨ, ਜਿੰਨ੍ਹਾਂ ਦਾ ਉਹ ਇਲਾਜ ਕਰ ਰਿਹਾ ਹੈ। ਵੈਟਰਨਰੀ ਡਾਕਟਰ ਦੇ ਲਗਭਗ 80 ਫੀਸਦੀ ਤੱਕ ਦਾ ਉਹ ਇਲਾਜ ਕਰ ਸਕਦਾ ਹੈ, ਉਸ ਦੇ ਕਲੀਨਿਕ ਦੇ ਵਿੱਚ ਕਈ ਕੁੱਤਿਆਂ ਨੂੰ ਗੁਲੂਕੋਸ ਲਗਾਇਆ ਜਾਂਦਾ ਹੈ, ਜਦੋਂ ਉਹ ਪੂਰੀ ਤਰ੍ਹਾਂ ਫਿੱਟ ਹੋ ਜਾਂਦੇ ਹਨ ਤਾਂ ਉਹ ਉਹਨਾਂ ਨੂੰ ਫਿਰ ਬਾਹਰ ਛੱਡ ਦਿੰਦਾ ਹੈ। ਕੁੱਤਿਆਂ ਦੇ ਨਾਲ-ਨਾਲ ਉਹ ਬਿੱਲੀਆਂ ਅਤੇ ਹੋਰ ਪਾਲਤੂ ਜਾਨਵਰਾਂ ਨੂੰ ਨਾ ਸਿਰਫ ਰੈਸਕਿਊ ਕਰਦਾ ਹੈ, ਸਗੋਂ ਉਹਨਾਂ ਦਾ ਇਲਾਜ ਵੀ ਮੁਫਤ ਦੇ ਵਿੱਚ ਕਰਦਾ ਹੈ ਅਤੇ ਉਹਨਾਂ ਦੀ ਦੇਖਭਾਲ ਵੀ ਕਰਦਾ ਹੈ।

ਨੌਕਰੀ ਛੱਡ ਸੇਵਾ ਸ਼ੁਰੂ: ਰੋਹਿਤ ਦਰਅਸਲ ਦੋ ਸਾਲ ਪਹਿਲਾਂ ਤੱਕ ਇੱਕ ਬੈਂਕ ਦੇ ਵਿੱਚ ਆਮ ਵਰਕਰ ਵਾਂਗ ਕੰਮ ਕਰਦਾ ਸੀ। ਬ੍ਰੇਕ ਦੇ ਵਿੱਚ ਅਕਸਰ ਹੀ ਉਹ ਜਦੋਂ ਚਾਹ ਪੀਣ ਜਾਂਦਾ ਸੀ ਤਾਂ ਅਕਸਰ ਕੁੱਤਿਆਂ ਨੂੰ ਬਿਸਕੁੱਟ ਆਦਿ ਖਿਲਵਾ ਦਿੰਦਾ ਸੀ ਪਰ ਇਕ ਦਿਨ ਜਿਸ ਕੁੱਤੇ ਨੂੰ ਉਹ ਬਿਸਕੁੱਟ ਖਵਾਉਂਦਾ ਸੀ, ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਰੋਹਿਤ ਨੇ ਖੁਦ ਉਸਨੂੰ ਇੱਕ ਡਾਗ ਸ਼ੈਲਟਰ ਦੇ ਵਿੱਚ ਭੇਜਿਆ ਪਰ ਉੱਥੇ ਉਸ ਦਾ ਇਲਾਜ ਨਾ ਹੋਣ ਕਰਕੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦਾ ਦਿਲ ਪਸੀਜ ਗਿਆ ਤੇ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਖੁਦ ਹੀ ਜ਼ਖਮੀ ਹੋਏ ਕੁੱਤਿਆਂ ਦਾ ਇਲਾਜ ਕਰਿਆ ਕਰੇਗਾ। ਦੋ ਸਾਲ ਪਹਿਲਾਂ ਉਸ ਨੇ ਇਸਦੀ ਸ਼ੁਰੂਆਤ ਕੀਤੀ ਅਤੇ ਪੂਰੇ ਲੁਧਿਆਣਾ ਦੇ ਨਾਲ ਨੇੜੇ ਤੇੜੇ ਦੇ ਇਲਾਕੇ ਦੇ ਲੋਕ ਵੀ ਉਸਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਜੇਕਰ ਕੋਈ ਵੀ ਕੁੱਤਾ ਜਾਂ ਕੋਈ ਬਿੱਲੀ ਜਾਂ ਫਿਰ ਕੋਈ ਹੋਰ ਪਾਲਤੂ ਜਾਂ ਫਿਰ ਅਵਾਰਾ ਜਾਨਵਰ ਸੜਕ 'ਤੇ ਜ਼ਖਮੀ ਪਿਆ ਮਿਲਦਾ ਹੈ ਤਾਂ ਸਭ ਨੂੰ ਪਹਿਲਾਂ ਰੋਹਿਤ ਦੀ ਯਾਦ ਆਉਂਦੀ ਹੈ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਬਲਾਉਂਦੇ ਹਨ ਅਤੇ ਰੋਹਿਤ ਵੀ ਬਿਨਾਂ ਕੋਈ ਪੈਸੇ ਲਏ ਇਹਨਾਂ ਦਾ ਮੁਫਤ ਦੇ ਵਿੱਚ ਇਲਾਜ ਕਰਦਾ ਹੈ।

ਸੈਂਕੜੇ ਜਾਨਵਰਾਂ ਦਾ ਇਲਾਜ: ਰੋਹਿਤ ਨੇ ਦੱਸਿਆ ਕਿ ਹੁਣ ਤੱਕ ਉਹ ਦੋ ਸਾਲ ਦੇ ਵਿੱਚ 600 ਤੋਂ ਵਧੇਰੇ ਅਜਿਹੇ ਪਾਲਤੂ ਅਤੇ ਅਵਾਰਾ ਜਾਨਵਰਾਂ ਦਾ ਇਲਾਜ ਕਰ ਚੁੱਕਾ ਹੈ, ਉਹਨਾਂ ਦੀ ਉਹ ਐਂਟਰੀ ਕਰਦੇ ਹਨ ਤਾਂ ਕਿ ਉਹਨਾਂ ਕੋਲ ਰਿਕਾਰਡ ਰਹਿ ਸਕੇ। ਉਸ ਦਾ ਕਹਿਣਾ ਕਿ ਅਕਸਰ ਹੀ ਜਿਆਦਾਤਰ ਅਵਾਰਾ ਕੁੱਤੇ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਲੋਕ ਉਹਨਾਂ ਨੂੰ ਮਰਨ ਲਈ ਛੱਡ ਦਿੰਦੇ ਹਨ। ਜੇਕਰ ਉਹ ਆਉਂਦੇ ਵੀ ਹਨ ਤਾਂ ਉਹਨਾਂ ਨੂੰ ਮਾਰਦੇ ਕੁੱਟਦੇ ਹਨ ਪਰ ਉਹਨਾਂ ਦਾ ਇਲਾਜ ਕੋਈ ਨਹੀਂ ਕਰਵਾਉਂਦਾ। ਇਸ ਕਰਕੇ ਉਸ ਨੇ ਫੈਸਲਾ ਕੀਤਾ ਕਿ ਉਹ ਅਜਿਹੇ ਜਾਨਵਰਾਂ ਦਾ ਇਲਾਜ ਕਰਵਾਏਗਾ। ਉਹਨਾਂ ਦੱਸਿਆ ਕਿ ਪੀਏਯੂ ਦੇ ਪਤੀ ਪਤਨੀ ਡਾਕਟਰ ਤੋਂ ਉਸ ਨੇ ਸਾਰੀ ਸਿਖਲਾਈ ਲਈ ਹੈ। ਲਗਭਗ ਇੱਕ ਸਾਲ ਉਹਨਾਂ ਕੋਲ ਕਲਾਸਾਂ ਲਾਉਣ ਤੋਂ ਬਾਅਦ ਉਹਨਾਂ ਨੇ ਉਸ ਨੂੰ ਜਾਨਵਰਾਂ ਦੇ ਇਲਾਜ 'ਚ ਨਿਪੁੰਨ ਬਣਾ ਦਿੱਤਾ ਅਤੇ ਹੁਣ ਉਹ 80 ਫੀਸਦੀ ਤੱਕ ਇਲਾਜ ਖੁਦ ਕਰ ਦਿੰਦਾ ਹੈ।

ਪਰਿਵਾਰ ਤੋਂ ਪਹਿਲਾਂ ਡੋਗ: ਰੋਹਿਤ ਨੇ ਦੱਸਿਆ ਕਿ ਉਸ ਦੀ ਉਮਰ ਲਗਭਗ 35 ਸਾਲ ਦੀ ਹੈ ਅਤੇ ਉਸਦੇ ਘਰ ਦੇ ਵਿੱਚ ਮਾਤਾ ਪਿਤਾ ਹਨ। ਉਸਦੀ ਮਾਤਾ ਬੁਟੀਕ ਚਲਾਉਂਦੀ ਹੈ ਅਤੇ ਉਸਦੇ ਦੋ ਛੋਟੇ ਭਰਾ ਹਨ ਜੋ ਕਿ ਚੰਗਾ ਕੰਮ ਕਾਰ ਕਰਦੇ ਹਨ ਪਰ ਉਸਨੇ ਆਪਣੀ ਪੂਰੀ ਜਿੰਦਗੀ ਇਹਨਾਂ ਦੇ ਨਾਲ ਲਗਾ ਦਿੱਤੀ ਹੈ। ਪਹਿਲਾਂ ਉਹ ਇਕੱਲਾ ਹੀ ਕੰਮ ਕਰਦਾ ਸੀ ਅਤੇ ਹੁਣ ਉਸ ਦੇ ਨਾਲ ਦੋ ਹੋਰ ਲੜਕੇ ਵੀ ਕੰਮ ਕਰਦੇ ਹਨ, ਜੋ ਇਹਨਾਂ ਦੀ ਸੇਵਾ ਕਰਦੇ ਹਨ। ਰੋਹਿਤ ਇਹਨਾਂ ਨੂੰ ਆਪਣੇ ਬੱਚਿਆਂ ਦੇ ਵਾਂਗ ਰੱਖਦਾ ਹੈ ਅਤੇ ਉਹਨਾਂ ਨੂੰ ਡੋਗ ਦੀ ਥਾਂ 'ਤੇ ਆਪਣੇ ਬੱਚੇ ਹੀ ਦੱਸਦਾ ਹੈ। ਉਹਨੇ ਹੁਣ ਤੱਕ ਵਿਆਹ ਨਹੀਂ ਕਰਵਾਇਆ ਕਿਉਂਕਿ ਉਸ ਦਾ ਕਹਿਣਾ ਹੈ ਕਿ ਜੇਕਰ ਕੋਈ ਲੜਕੀ ਉਸਨੂੰ ਇਸ ਕੰਮ ਦੇ ਨਾਲ ਪਸੰਦ ਕਰੇਗੀ ਤਾਂ ਹੀ ਉਹ ਵਿਆਹ ਕਰਵਾਏਗਾ। ਉਹਨਾਂ ਕਿਹਾ ਕਿ ਉਸ ਦੀ ਪਹਿਲੀ ਪਹਿਲ ਅਤੇ ਪਹਿਲਾ ਪਿਆਰ ਹਮੇਸ਼ਾ ਹੀ ਅਵਾਰਾ ਅਤੇ ਪਾਲਤੂ ਡੋਗ ਹੀ ਰਹਿਣਗੇ। ਰੋਹਿਤ ਨੇ ਦੱਸਿਆ ਕਿ ਪਹਿਲਾਂ ਉਸ ਦੇ ਪਰਿਵਾਰਕ ਮੈਂਬਰ ਉਸਨੂੰ ਰੋਕਦੇ ਸਨ ਪਰ ਜਦੋਂ ਉਹਨਾਂ ਨੇ ਇਹਨਾਂ ਜਾਨਵਰਾਂ ਦਾ ਰੋਹਿਤ ਪ੍ਰਤੀ ਪਿਆਰ ਵੇਖਿਆ ਤਾਂ ਮੁੜ ਤੋਂ ਉਸ ਨੂੰ ਕਦੇ ਮਨਾ ਨਹੀਂ ਕੀਤਾ।

ਮੁਫ਼ਤ ਚ ਇਲਾਜ ਅਤੇ ਸੇਵਾ: ਰੋਹਿਤ ਨੇ ਦੱਸਿਆ ਕਿ ਉਹ ਰੈਸਕਿਊ ਕਰਨ ਦੇ ਕਿਸੇ ਤੋਂ ਵੀ ਕੋਈ ਪੈਸੇ ਨਹੀਂ ਲੈਂਦਾ। ਉਹਨਾਂ ਕਿਹਾ ਜੇਕਰ ਕੋਈ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਹ ਉਹਨਾਂ ਜਾਨਵਰਾਂ ਦੇ ਲਈ ਜੋ ਉਸ ਦੇ ਛੋਟੇ ਜਿਹੇ ਹਸਪਤਾਲ ਦੇ ਵਿੱਚ ਭਰਤੀ ਹਨ, ਉਹਨਾਂ ਦੇ ਇਲਾਜ ਲਈ ਦਵਾਈਆਂ ਅਤੇ ਖਾਣ ਪੀਣ ਦੇ ਸਮਾਨ ਦੀ ਸੇਵਾ ਜਰੂਰ ਕਰਵਾ ਲੈਂਦਾ ਹੈ। ਉਸ ਨੇ ਅੱਜ ਤੱਕ ਕਿਸੇ ਤੋਂ ਕੋਈ ਰੁਪਏ ਨਹੀਂ ਲਏ ਹਨ। ਰੋਹਿਤ ਨੇ ਕਿਹਾ ਕਿ ਉਸ ਦੇ ਨਾਲ ਕੁਝ ਹੋਰ ਲੋਕ ਜੁੜੇ ਹੋਏ ਹਨ, ਉਹ ਵੀ ਉਸਦੇ ਇਸ ਕੰਮ ਦੇ ਵਿੱਚ ਮਦਦ ਕਰਦੇ ਹਨ। ਉਹਨਾਂ ਕਿਹਾ ਕਿ ਬੇਜ਼ੁਬਾਨਾਂ ਨੂੰ ਸਹਾਰਾ ਦੇਣਾ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਿਆ ਹੈ। ਰੋਹਿਤ ਦਿਨ ਰਾਤ ਇਹਨਾਂ ਦੀ ਸੇਵਾ ਕਰਦਾ ਹੈ ਅਤੇ ਇਹਨਾਂ ਦਾ ਇਲਾਜ ਕਰਦਾ ਹੈ, ਜਦੋਂ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਵਾਪਸ ਛੱਡ ਦਿੰਦਾ ਹੈ, ਕਦੇ ਵੀ ਉਹਨਾਂ ਨੂੰ ਕੈਦ ਨਹੀਂ ਰੱਖਦਾ। ਉਹਨਾਂ ਕਿਹਾ ਕਿ ਜ਼ਿਆਦਾਤਰ ਉਹ ਡੋਗ ਜਿਹੜੇ ਕਿ ਜਾਂ ਤਾਂ ਅੱਖਾਂ ਤੋਂ ਅੰਨੇ ਹੋ ਜਾਂਦੇ ਹਨ ਜਾਂ ਫਿਰ ਚੱਲਣ ਫਿਰਨ 'ਚ ਬਿਲਕੁਲ ਹੀ ਨਾਕਾਮ ਹੋ ਜਾਂਦੇ ਹਨ, ਸਿਰਫ ਉਹਨਾਂ ਨੂੰ ਹੀ ਉਹ ਆਪਣੇ ਸ਼ੈਡ ਦੇ ਵਿੱਚ ਰੱਖਦਾ ਹੈ।

ਲੋਕਾਂ ਨੂੰ ਕੀਤੀ ਅਪੀਲ: ਅਵਾਰਾ ਜਾਨਵਰਾਂ ਦੇ ਨਾਲ ਸੈਂਕੜੇ ਪਾਲਤੂ ਜਾਨਵਰਾਂ ਦਾ ਵੀ ਉਹ ਇਲਾਜ ਕਰ ਚੁੱਕਾ ਹੈ। ਉਹਨਾਂ ਕਿਹਾ ਕਿ ਅਫਸਰ ਲੋਕ ਸ਼ੌਂਕ ਦੇ ਲਈ ਜਾਂ ਇਕੱਲਾਪਣ ਦੂਰ ਕਰਨ ਦੇ ਲਈ ਪਾਲਤੂ ਜਾਨਵਰ ਨੂੰ ਤਾਂ ਪਾਲ ਲੈਂਦੇ ਹਨ ਪਰ ਜਦੋਂ ਉਹ ਬਿਮਾਰ ਹੋ ਜਾਂਦਾ ਹੈ ਤਾਂ ਉਸ ਤੇ ਹਜ਼ਾਰਾਂ ਰੁਪਏ ਖਰਚ ਹੁੰਦੇ ਹਨ, ਜਿਸ ਕਰਕੇ ਉਹ ਉਸ ਨੂੰ ਮਰਨ ਲਈ ਘਰ ਤੋਂ ਬਾਹਰ ਕੱਢ ਦਿੰਦੇ ਹਨ। ਉਹਨਾਂ ਕਿਹਾ ਕਿ ਅਜਿਹੀ ਕਈ ਬਰੀਡ ਜੋ ਕਿ ਬਹੁਤ ਮਹਿੰਗੀਆਂ ਆਉਂਦੀਆਂ ਹਨ, ਉਹ ਉਹਨਾਂ ਦਾ ਵੀ ਇਲਾਜ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਅਵਾਰਾ ਜਾਨਵਰ ਆਪਣੀ ਰੋਟੀ ਦਾ ਪ੍ਰਬੰਧ ਆਪ ਕਰ ਲੈਂਦੇ ਹਨ, ਉਹ ਆਪ ਸਰਵਾਈਵ ਕਰਦੇ ਹਨ ਪਰ ਜਦੋਂ ਕਿਸੇ ਪਾਲਤੂ ਜਾਨਵਰ ਨੂੰ ਬਾਹਰ ਘਰ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਸਨੂੰ ਨਾ ਹੀ ਰੋਟੀ ਮਿਲਦੀ ਹੈ ਅਤੇ ਨਾ ਹੀ ਉਹ ਬਾਹਰ ਜਿਆਦਾ ਦੇਰ ਰਹਿ ਪਾਉਂਦਾ ਹੈ। ਉਸ ਦੀ ਮੌਤ ਨਿਸ਼ਚਿਤ ਹੋ ਜਾਂਦੀ ਹੈ, ਇਸ ਕਰਕੇ ਉਹ ਉਹਨਾਂ ਪਾਲਤੂ ਜਾਨਵਰਾਂ ਦਾ ਵੀ ਮੁਫਤ ਵਿੱਚ ਇਲਾਜ ਕਰਦਾ ਹੈ ਤੇ ਉਹਨਾਂ ਦੀ ਦੇਖਭਾਲ ਕਰਦਾ ਹੈ। ਉਹਨਾਂ ਕਿਹਾ ਕਿ ਲੈਬਰਾ ਡੋਗ, ਪਾਕਿਸਤਾਨੀ ਬੁੱਲੀ, ਪਿੱਟਬੁੱਲ, ਜਰਮਨ ਸ਼ੈਫਰਡ, ਹੋਰ ਵੀ ਕਈ ਅਜਿਹੀ ਬਰੀਡ ਹੈ ਜਿਨਾਂ ਦਾ ਉਹ ਇਲਾਜ ਕਰ ਚੁੱਕਾ ਹੈ।

ਜਾਨਵਰਾਂ ਨੂੰ ਪਿਆਰ ਦੀ ਲੋੜ: ਰੋਹਿਤ ਨੇ ਲੋਕਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਪੈੱਟ ਨੂੰ ਪਾਲਣਾ ਹੈ ਤਾਂ ਉਸ ਦੀ ਆਪਣੇ ਪਰਿਵਾਰਕ ਮੈਂਬਰ ਵਾਂਗ ਹੀ ਸਾਂਭ ਸੰਭਾਲ ਕੀਤੀ ਜਾਵੇ। ਉਹਨਾਂ ਕਿਹਾ ਕਿ ਅਕਸਰ ਹੀ ਲੋਕ ਜਾਨਵਰਾਂ ਨੂੰ ਮਰਨ ਲਈ ਛੱਡ ਦਿੰਦੇ ਹਨ, ਥੋੜਾ ਸਮਾਂ ਉਹਨਾਂ ਦਾ ਮੋਹ ਉਹਨਾਂ ਨਾਲ ਰਹਿੰਦਾ ਹੈ ਤੇ ਜਦੋਂ ਉਸ 'ਤੇ ਪੈਸੇ ਖਰਚਣ ਦਾ ਸਮਾਂ ਆਉਂਦਾ ਹੈ ਤਾਂ ਉਸਨੂੰ ਭਜਾ ਦਿੰਦੇ ਹਨ। ਉਹਨਾਂ ਕਿਹਾ ਕਿ ਜੇਕਰ ਤੁਸੀਂ ਉਸਨੂੰ ਰੱਖ ਨਹੀਂ ਸਕਦੇ ਤੇ ਉਸਦਾ ਇਲਾਜ ਨਹੀਂ ਕਰ ਸਕਦੇ ਤਾਂ ਤੁਹਾਨੂੰ ਡੋਗ ਪਾਲਣ ਦਾ ਵੀ ਕੋਈ ਹੱਕ ਨਹੀਂ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਦਾ ਨਿਰਾਦਰ ਨਾ ਕਰਨ, ਖਾਸ ਕਰਕੇ ਅਵਾਰਾ ਜਾਨਵਰ ਜੋ ਅਕਸਰ ਹੀ ਆਪਣੀ ਸਾਰੀ ਜ਼ਿੰਦਗੀ ਰੋਟੀ ਦੀ ਤਲਾਸ਼ ਵਿੱਚ ਕੱਢ ਦਿੰਦੇ ਹਨ। ਉਹਨਾਂ ਕਿਹਾ ਕਿ ਥੋੜੇ ਸਮੇਂ ਪਹਿਲਾਂ ਹੀ ਉਹਨਾਂ ਨੂੰ ਇੱਕ ਛੋਟਾ ਜਿਹਾ ਚਾਰ ਪੰਜ ਮਹੀਨੇ ਦਾ ਪੈਟ ਮਿਲਿਆ ਸੀ, ਜਿਸ ਦੇ ਗਰਦਨ 'ਤੇ ਕਿਸੇ ਨੇ ਚਾਕੂ ਦੇ ਨਾਲ ਵਾਰ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਕਿਹਾ ਕਿ ਅਜਿਹੀ ਰੋਜ਼ਾਨਾ ਹੀ ਕੇਸ ਆਉਂਦੇ ਹਨ। ਰੋਹਿਤ ਨੇ ਕਿਹਾ ਕਿ ਜਦੋਂ ਅਸੀਂ ਪਾਲਤੂ ਜਾਨਵਰਾਂ ਦਾ ਧਿਆਨ ਨਹੀਂ ਰੱਖਦੇ ਤਾਂ ਇਹੀ ਕਾਰਨ ਹੈ ਕਿ ਸਾਡੇ ਪਾਲਤੂ ਜਾਨਵਰ ਅਗਰੈਸਿਵ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਮੈਨੂੰ ਕਈ ਵਾਰ ਡੋਗ ਕੱਟ ਚੁੱਕੇ ਹਨ ਪਰ ਮੈਂ ਕਦੇ ਵੀ ਆਪਣੇ ਕੰਮ ਤੋਂ ਪਿੱਛੇ ਨਹੀਂ ਹੱਟਿਆ। ਨੌਜਵਾਨ ਰੋਹਿਤ ਨੇ ਕਿਹਾ ਕਿ ਵੈਕਸੀਨ ਲਵਾਉਣ ਤੋਂ ਬਾਅਦ ਉਹ ਫਿਰ ਕੰਮ ਕਰਦਾ ਹੈ ਅਤੇ ਇਹਨਾਂ ਦਾ ਧਿਆਨ ਰੱਖਦਾ ਹੈ। ਹਰ ਮਹੀਨੇ ਪੰਜ ਤੋਂ ਛੇ ਵਾਰ ਉਸ ਨੂੰ ਡੋਗ ਬਾਈਟ ਹੋ ਹੀ ਜਾਂਦੀਆਂ ਹਨ, ਪਰ ਉਹ ਫਿਰ ਵੀ ਇਹਨਾਂ ਦਾ ਧਿਆਨ ਰੱਖਦਾ ਹੈ।

ABOUT THE AUTHOR

...view details