ਲੁਧਿਆਣਾ ਦੇ ਰੈਸਟੋਰੈਂਟ ਵਿੱਚ ਭੇਤਭਰੇ ਹਾਲਾਤ 'ਚ ਨੌਜਵਾਨ ਦੀ ਮੌਤ, ਪੁਲਿਸ ਨੇ ਰੈਸਟੋਰੈਂਟ ਮਾਲਕ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ :ਜ਼ਿਲ੍ਹੇ ਦੀ ਸਾਊਥ ਸਿਟੀ ਰੋਡ ਉਤੇ ਸਥਿਤ ਇੱਕ ਨਿੱਜੀ ਰੈਸਟੋਰੈਂਟ ਵਿੱਚ ਕੰਮ ਕਰਦੇ ਇਕ ਮਨੀਸ਼ ਨਾਮ ਦੇ ਨੌਜਵਾਨ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ। ਰੈਸਟੋਰੈਂਟ ਮਾਲਕ ਨੇ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਕਾਰਨ ਦੱਸਿਆ ਹੈ, ਜਦਕਿ ਪਰਿਵਾਰ ਨੇ ਰੈਸਟੋਰੈਂਟ ਮਾਲਕ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆ ਕੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ।
ਨੌਜਵਾਨ ਨੇ ਇਕ ਮਹੀਨੇ ਬਾਅਦ ਜਾਣਾ ਸੀ ਅਮਰੀਕਾ :ਪਰਿਵਾਰ ਮੁਤਾਬਿਕ ਉਨ੍ਹਾਂ ਦੇ ਬੇਟੇ ਮਨੀਸ਼ ਨੇ ਇਕ ਮਹੀਨੇ ਬਾਅਦ ਅਮਰੀਕਾ ਜਾਣਾ ਸੀ। 20 ਜੁਲਾਈ ਨੂੰ ਉਸਨੇ ਰੈਸਟੋਰੈਂਟ ਵਿੱਚੋਂ ਅਸਤੀਫ਼ਾ ਦੇਣਾ ਸੀ, ਪਰ 26 ਜੁਲਾਈ ਤੱਕ ਉਸ ਨੂੰ ਨੌਕਰੀ ਕਰਨ ਲਈ ਕਿਹਾ ਗਿਆ। ਬੀਤੇ ਦਿਨ ਅਚਾਨਕ ਜਦੋਂ ਉਹ ਰੈਸਟੋਰੈਂਟ ਵਿੱਚ ਗਿਆ ਤਾਂ ਉਸਦੀ ਮੌਤ ਹੋ ਗਈ। ਪਰਿਵਾਰ ਨੇ ਇਲਜ਼ਾਮ ਲਗਾਏ ਅਤੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਰੈਸਟੋਰੈਂਟ ਮਾਲਕ ਗ੍ਰਿਫਤਾਰ :ਦੂਜੇ ਪਾਸੇ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਕਿਹਾ ਕਿ ਰੈਸਟੋਰੈਂਟ ਮਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ।
ਪਰਿਵਾਰ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ :ਮ੍ਰਿਤਕ ਦੀ ਭੈਣ ਨੇ ਕਿਹਾ ਕਿ ਸਾਨੂੰ ਰੈਸਟੋਰੈਂਟ ਦੇ ਮਾਲਕਾਂ ਉਤੇ ਸ਼ੱਕ ਹੈ, ਕਿਉਂਕਿ ਰੈਸਟੋਰੈਂਟ ਦੇ ਅੰਦਰ ਲੱਗੇ ਕੈਮਰੇ ਬੰਦ ਪਏ ਸਨ, ਸਾਨੂੰ ਘਟਨਾ ਵਾਲੀ ਕੋਈ ਵੀ ਫੁਟੇਜ ਦੇਣ ਤੋਂ ਇਨਕਾਰ ਕੀਤਾ ਗਿਆ ਹੈ, ਜਦਕਿ ਬਾਹਰ ਦੇ ਕੈਮਰੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਉਸ ਦੇ ਭਰਾ ਨੇ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਅਤੇ ਪਹਿਲਾਂ ਵੀ ਉਹ ਵਿਦੇਸ਼ ਜਾ ਕੇ ਆਇਆ ਹੈ। ਅਗਸਤ ਮਹੀਨੇ ਵਿੱਚ ਮੁੜ ਤੋਂ ਉਸ ਨੇ ਵਿਦੇਸ਼ ਜਾਣਾ ਸੀ, ਪਰ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਗਲਤੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਰੈਸਟੋਰੈਂਟ ਮਾਲਕ ਕਹਿ ਰਹੇ ਨੇ ਕਿ ਕਰੰਟ ਲੱਗਣ ਨਾਲ ਉਸ ਦੀ ਮੌਤ ਹੋਈ ਹੈ। ਚਿਮਣੀ ਨੂੰ ਉਸ ਨੇ ਹੱਥ ਲਗਾ ਲਿਆ ਸੀ ਜਦੋਂ ਕਿ ਉਸਦੇ ਨਾਲ ਕੰਮ ਕਰਨ ਵਾਲੇ ਲਗਾਤਾਰ ਆਪਣਾ ਬਿਆਨ ਬਦਲ ਰਹੇ ਹਨ।