ਪੰਜਾਬ ਵਿੱਚ 6 ਅਗਸਤ ਤੱਕ ਯੈਲੋ ਅਲਰਟ ਜਾਰੀ ਲੁਧਿਆਣਾ: ਪੰਜਾਬ ਵਿੱਚ 6 ਅਗਸਤ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। PAU ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਦੱਸਿਆ ਕਿ ਆਉਂਦੇ ਤਿੰਨ ਤੋਂ ਚਾਰ ਦਿਨ ਤੱਕ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ 'ਚ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕੁਝ ਹਿੱਸੇ ਵੀ ਸ਼ਾਮਲ ਹੋਣਗੇ। ਜਦੋਂ ਕਿ ਕਈ ਹਿੱਸਿਆਂ 'ਚ ਗਰਜ ਦੇ ਨਾਲ ਮਾਮੂਲੀ ਮੀਂਹ ਦੇ ਛਿੱਟੇ ਹੀ ਦਰਜ ਕੀਤੇ ਜਾਣਗੇ।
ਸੂਬੇ ਭਰ 'ਚ ਯੈਲੋ ਅਲਰਟ : ਮੌਸਮ ਵਿਭਾਗ ਨੇ IMD ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕੇ ਆਉਂਣ ਵਾਲੀ 6 ਅਗਸਤ ਤੱਕ ਸੂਬੇ ਭਰ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੀ.ਏ.ਯੂ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਜੁਲਾਈ ਮਹੀਨੇ 'ਚ ਇਸ ਵਾਰ 210 MM ਦੇ ਕਰੀਬ ਮੀਂਹ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਦੀ ਤਰ੍ਹਾਂ ਹੈ।
ਕਿਸਾਨ ਰੱਖਣ ਫਸਲਾਂ ਦਾ ਧਿਆਨ:ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਉੱਪਰੀ ਇਲਾਕੇ ਜੋਕਿ ਹਿਮਾਚਲ ਨਾਲ ਲੱਗਦੇ ਹਨ, ਉਨ੍ਹਾਂ ਇਲਾਕਿਆਂ 'ਚ ਤੇਜ਼ ਮੀਂਹ ਪੈਣ ਦੀ ਵੀ ਸੰਭਾਵਨਾ ਹੈ, ਜਿਸ ਕਰਕੇ ਇਹ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਕਿਸਾਨ ਵੀ ਜ਼ਰੂਰ ਆਪਣੀਆਂ ਫ਼ਸਲਾਂ ਦਾ ਧਿਆਨ ਰੱਖਣ। ਕਿਸਾਨ ਆਪਣੇ ਖੇਤਾਂ ਚੋਂ ਪਾਣੀ ਦੀ ਨਿਕਾਸੀ ਜ਼ਰੂਰ ਰੱਖਣ ਕਿਉਂਕਿ ਖੇਤ 'ਚ ਜਿਆਦਾ ਪਾਣੀ ਖੜਾ ਰਹਿਣ ਕਰਕੇ ਨੁਕਸਾਨ ਜਿਆਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਸਮ 'ਚ ਆਈ ਤਬਦੀਲੀ ਦੇ ਨਾਲ ਤਾਪਮਾਨ 'ਚ ਵੀ ਫੇਰਬਦਲ ਵੇਖਣ ਨੂੰ ਮਿਲ ਰਿਹਾ ਹੈ।
ਲੁਧਿਆਣਾ 'ਚ ਜਲ ਥਲ ਦੇ ਕਾਰਨ:ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਜੁਲਾਈ 'ਚ ਲਗਭਗ 212 MM ਮੀਂਹ ਰਿਕਾਰਡ ਕੀਤਾ ਗਿਆ ਹੈ, ਜਦੋਂ ਕੇ ਪਿਛਲੇ ਸਾਲ 323 MM ਦੇ ਕਰੀਬ ਮੀਂਹ ਦਰਜ ਕੀਤਾ ਗਿਆ ਸੀ। ਜਦੋਂ ਕਿ ਆਮ ਤੌਰ 'ਤੇ ਜੁਲਾਈ ਮਹੀਨੇ 'ਚ ਲੁਧਿਆਣਾ ਅੰਦਰ 220 MM ਦੇ ਕਰੀਬ ਮੀਂਹ ਦਰਜ ਕੀਤਾ ਜਾਂਦਾ ਹੈ। ਇਸ ਵਾਰ ਆਮ ਦੀ ਤਰ੍ਹਾਂ ਮੀਂਹ ਹੋਣ ਦੇ ਬਾਵਜੂਦ ਜਿਆਦਾ ਪਾਣੀ ਆਉਣ ਦਾ ਕਾਰਨ ਹੈ ਕਿ ਰੁਕ ਰੁਕ ਕੇ ਮੀਂਹ ਪੈਣ ਦੀ ਥਾਂ ਇੱਕ ਦੋ ਦਿਨਾਂ 'ਚ ਹੀ ਜਿਆਦਾ ਮੀਂਹ ਪੈ ਗਿਆ, ਜਿਸ ਕਾਰਨ ਸ਼ਹਿਰ 'ਚ ਜਲ ਥਲ ਦੀ ਸਥਿਤੀ ਵੀ ਬਣ ਗਈ।