ਲੁਧਿਆਣਾ: ਸ਼ਹਿਰ ਵਿੱਚ ਲਗਾਤਾਰ ਸੜਕ ਹਾਦਸੇ ਵਧਦੇ ਜਾ ਰਹੇ ਹਨ। ਬੀਤੇ ਹਫ਼ਤੇ ਟ੍ਰੈਫ਼ਿਕ ਪੁਲਿਸ ਵੱਲੋਂ ਟ੍ਰੈਫ਼ਿਕ ਹਫ਼ਤਾ ਵੀ ਮਨਾਇਆ ਗਿਆ ਸੀ। ਇਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੈਂਕੜਿਆਂ ਦੀ ਤਦਾਦ 'ਚ ਸਕੂਲੀ ਵਿਦਿਆਰਥੀਆਂ ਦੇ ਨਾਲ ਸੱਚਾ ਯਾਦਵ ਉਰਫ਼ ਕੁਮਾਰ ਗੌਰਵ ਯਮਰਾਜ ਦਾ ਰੂਪ ਧਾਰ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਦੇ ਵਿਖਾਈ ਦਿੱਤੇ।
ਭਾਰਤ ਨਗਰ ਚੌਕ ਵਿੱਚ ਉਨ੍ਹਾਂ ਬਿਨਾਂ ਹੈਲਮੇਟ ਸਵਾਰ ਤੇ ਬਿਨਾਂ ਸੀਟ ਬੈਲਟ ਸਵਾਰ ਤੇ ਜ਼ੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਵਾਲੇ ਨੂੰ ਆਪਣੇ ਹੀ ਵੱਖਰੇ ਅੰਦਾਜ਼ ਦੇ ਵਿੱਚ ਜਾਗਰੁਕ ਕੀਤਾ। ਟ੍ਰੈਫ਼ਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਪਹੁੰਚੇ ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਜੇਕਰ ਉਹ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਇੱਕ ਪਾਸੇ ਜਿੱਥੇ ਸੜਕੀ ਹਾਦਸਿਆਂ ਦੇ ਵਿੱਚ ਠੱਲ੍ਹ ਪਵੇਗੀ, ਉਥੇ ਹੀ ਦੂਜੇ ਪਾਸੇ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਬਚਾ ਸਕਣਗੇ।