ਲੁਧਿਆਣਾ: ਅੱਜ ਯਾਨੀ 5 ਜੂਨ ਨੂੰ ਵਿਸ਼ਵ ਭਰ 'ਚ ਵਿਸ਼ਵ ਵਾਤਾਵਰਣ ਦਿਵਸ(World Environment Day)ਮਨਾਇਆ ਜਾ ਰਿਹਾ ਹੈ। ਪਰ ਵਾਤਾਵਰਣ ’ਚ ਲਗਾਤਾਰ ਬਦਲਾਅ ਹੋ ਰਿਹਾ ਹੈ ਜਿਸ ਦਾ ਅਸਰ ਨਾ ਸਿਰਫ ਸਾਡੀ ਜਿੰਦਗੀ ’ਚ ਬਲਕਿ ਪਸ਼ੂ ਪੰਛੀਆਂ ’ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵਾਤਾਰਵਰਣ ਚ ਹੋ ਰਹੇ ਬਦਲਾਅ ਕਾਰਨ ਨਾ ਤਾਂ ਸਮੇਂ ਸਿਰ ਸਰਦੀ ਪੈਂਦੀ ਹੈ ਅਤੇ ਨਾ ਹੀ ਗਰਮੀ। ਇਸ ਸਬੰਧ ’ਚ ਸਾਡੇ ਪੱਤਰਕਾਰ ਨੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨਾਲ ਗੱਲਬਾਤ ਕੀਤੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ(Punjab Agricultural University) ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਕਿਵੇਂ ਬੀਤੇ ਕੁਝ ਦਹਾਕਿਆਂ ਦੇ ਦੌਰਾਨ ਮੌਸਮ ਵਿੱਚ ਤਬਦੀਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਮਹੀਨੇ ਅੰਦਰ ਹੀ ਚਾਰ ਚਾਰ ਵਾਰ ਮੌਸਮ ਬਦਲਣਾ ਸਹੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਲੰਘਿਆ ਮਈ ਦਾ ਮਹੀਨਾ ਬੀਤੇ 20 ਸਾਲਾਂ ਵਿੱਚ ਸਭ ਤੋਂ ਠੰਢਾ ਮਹੀਨਾ ਰਿਹਾ ਹੈ। ਮਈ ਮਹੀਨੇ ਵਿੱਚ ਕਦੇ ਵੀ ਪਾਰਾ ਇੰਨਾਂ ਹੇਠਾਂ ਨਹੀਂ ਡਿੱਗਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਭ ਕੁਝ ਸਹੀ ਨਹੀਂ ਹੈ।