ਲੁਧਿਆਣਾ: ਕ੍ਰਿਕਟ ਦੇ ਮਹਾਂਕੁੰਭ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਹੁਣ ਵੀ ਮੁਹਾਲੀ ਸਟੇਡੀਅਮ ਦੇ ਵਿੱਚ ਵਿਸ਼ਵ ਕੱਪ ਦਾ ਕੋਈ ਵੀ ਮੈਚ ਨਾ ਹੋਣ ਕਾਰਨ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਦੇ ਅੰਦਰ ਕਾਫੀ ਨਿਰਾਸ਼ਾ ਹੈ। ਮੁਹਾਲੀ ਸਟੇਡੀਅਮ ਦੀ ਥਾਂ 'ਤੇ ਅਹਿਮਦਾਬਾਦ ਅਤੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਦੇ ਵਿੱਚ ਵਿਸ਼ਵ ਕੱਪ ਦੇ ਮੈਚ ਰੱਖੇ ਗਏ ਹਨ। ਜਿੱਥੇ ਇੱਕ ਪਾਸੇ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਦੇ ਵਿੱਚ ਨਿਰਾਸ਼ਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਇਸ ਮਾਮਲੇ 'ਤੇ ਰਾਜਨੀਤੀ ਵੀ ਜੋਰਾ ਸ਼ੋਰਾ 'ਤੇ ਹੁੰਦੀ ਰਹੀ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇਸ ਦਾ ਸਾਰਾ ਠੀਕਰਾ ਭਾਜਪਾ ਅਤੇ ਬੀਸੀਸੀਆਈ ਦੇ ਪ੍ਰਧਾਨ ਜੈ ਸ਼ਾਹ ਅਤੇ ਉਪ ਪ੍ਰਧਾਨ ਦੇ ਸਿਰ ਤੇ ਭੰਨਿਆ ਹੈ। ਜਦੋਂ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਇਸ ਲਈ ਜਿੰਮੇਵਾਰ ਦੱਸਿਆ ਹੈ। (World Cup Match) (Mohali Cricket Stadium) (Ahmedabad Narendra Modi Stadium)
ਕ੍ਰਿਕਟ ਵਿਸ਼ਵ ਕਪ ਮੈਚ: 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੇ 10 ਸੂਬਿਆਂ 'ਚ 19 ਨਵੰਬਰ ਤੱਕ 48 ਮੈਚ ਹੋਣੇ ਹਨ। ਵਿਸ਼ਵ ਕੱਪ 'ਚ ਕੁੱਲ 10 ਟੀਮਾਂ ਹਿੱਸਾ ਲੈਣ ਲਈ ਭਾਰਤ ਪੁੱਜ ਚੁੱਕੀਆਂ ਹਨ ਅਤੇ ਮੇਜ਼ਬਾਨੀ ਕਰ ਰਹੀ ਭਾਰਤ ਦੇ 9 ਮੈਚ ਹੋਣੇ ਹਨ। ਜਿਨ੍ਹਾਂ 'ਚ ਜਿਆਦਾਤਰ ਮੈਚ ਅਹਿਮਦਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਅਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ 'ਚ ਹੋਣੇ ਹਨ। ਵਿਸ਼ਵ ਕੱਪ ਕ੍ਰਿਕਟ ਦੀ ਭਾਰਤ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਮੁਹਾਲੀ ਦੇ ਸਟੇਡੀਅਮ ਦੇ ਵਿੱਚ ਕਿਸੇ ਵੱਡੇ ਮੁਕਾਬਲੇ ਦਾ ਇੱਕ ਵੀ ਮੈਚ ਨਹੀਂ ਰੱਖਿਆ ਗਿਆ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਤਿੰਨ ਮੈਚਾਂ ਦੀ ਭਾਰਤ ਅਤੇ ਆਸਟਰੇਲੀਆ ਵਿਚਕਾਰ ਵਨ ਡੇਅ ਲੜੀ ਦਾ ਮੈਚ ਵੀ ਮੁਹਾਲੀ ਸਟੇਡੀਅਮ ਦੇ ਵਿੱਚ ਰੱਖਿਆ ਗਿਆ ਸੀ। ਪਰ ਵਿਸ਼ਵ ਕੱਪ ਦੇ ਵਿੱਚ ਕੋਈ ਮੈਚ ਨਾ ਹੋਣ ਦਾ ਕਾਰਨ ਮੁਹਾਲੀ ਸਟੇਡੀਅਮ ਦੇ ਆਈ.ਸੀ.ਸੀ ਦੇ ਮਾਪਦੰਡਾਂ 'ਤੇ ਖਰਾ ਨਾ ਉਤਰਨਾ ਦੱਸਿਆ ਗਿਆ ਹੈ। ਇਹ ਵੀ ਕਿਹਾ ਗਿਆ ਕੇ ਜੇਕਰ ਮੁਹਾਲੀ ਦੇ ਮੁੱਲਾਂਪੁਰ 'ਚ ਸਟੇਡੀਅਮ ਪੂਰੀ ਤਰਾਂ ਤਿਆਰ ਹੋ ਜਾਂਦਾ ਤਾਂ ਉਥੇ ਵਿਸ਼ਵ ਕੱਪ ਦਾ ਮੈਚ ਹੋ ਸਕਦਾ ਸੀ। ਬੀ.ਸੀ.ਸੀ.ਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਬੀਤੇ ਦਿਨੀਂ ਇਹ ਬਿਆਨ ਇਕ ਮੀਡੀਆ ਏਜੰਸੀ ਨੂੰ ਦਿੱਤਾ ਸੀ।
ਕ੍ਰਿਕਟ ਮੈਚਾਂ 'ਤੇ ਸਿਆਸਤ:ਹਾਲਾਂਕਿ ਇੱਕ ਪਾਸੇ ਜਿੱਥੇ ਮਾਹਿਰ ਮੁਹਾਲੀ ਦੇ ਵਿੱਚ ਕੋਈ ਵੀ ਵਿਸ਼ਵ ਕੱਪ ਦਾ ਮੈਚ ਨਾ ਹੋਣ ਦਾ ਕਾਰਨ ਤਕਨੀਕੀ ਦੱਸ ਰਹੇ ਹਨ ਅਤੇ ਆਈਸੀਸੀ ਦਾ ਅੰਤਿਮ ਫੈਸਲਾ ਦੱਸ ਰਹੇ ਹਨ। ਉਥੇ ਹੀ ਦੂਜੇ ਪਾਸੇ ਇਸ 'ਤੇ ਸਿਆਸਤ ਵੀ ਲਗਾਤਾਰ ਗਰਮਾਈ ਹੋਈ ਹੈ। ਇਸ ਸਬੰਧੀ ਸਭ ਤੋਂ ਪਹਿਲਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਸਵਾਲ ਚੁੱਕੇ ਗਏ ਸਨ ਅਤੇ ਆਮ ਆਦਮੀ ਪਾਰਟੀ ਦੀ ਅਣਗਹਿਲੀ ਦੇ ਨਾਲ ਇਸ ਨੂੰ ਭਾਜਪਾ ਦੀ ਰਾਜਨੀਤਿਕ ਮੰਸ਼ਾ ਵੀ ਦੱਸਿਆ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਵੱਲੋਂ ਇਸ ਸਬੰਧੀ ਬਕਾਇਦਾ ਬੀਸੀਸੀਆਈ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਅਤੇ ਨਾਲ ਹੀ ਕਿਹਾ ਗਿਆ ਸੀ ਕਿ ਮੁਹਾਲੀ ਦਾ ਕ੍ਰਿਕਟ ਸਟੇਡੀਅਮ ਸਾਰੇ ਹੀ ਮਾਪਦੰਡਾਂ 'ਤੇ ਪੂਰਾ ਉਤਰਦਾ ਹੈ। ਇਸ ਦੇ ਬਾਵਜੂਦ ਉਸਨੂੰ ਕੋਈ ਵਿਸ਼ਵ ਕੱਪ ਦਾ ਮੈਚ ਨਹੀਂ ਦਿੱਤਾ ਗਿਆ ਹੈ ਜੋ ਕਿ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਦੇ ਲਈ ਇੱਕ ਬੁਰਾ ਸਲੂਕ ਹੈ। ਹਾਲਾਂਕਿ ਕਾਂਗਰਸ ਨੇ ਵੀ ਇਸ ਨੂੰ ਭਾਜਪਾ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ਦੱਸਿਆ ਹੈ।
ਮੋਦੀ ਤੇ ਮਾਨ ਸਰਕਾਰ ਦੀ ਨਾਕਾਮੀ:ਇਸ ਸਬੰਧੀ ਕਾਂਗਰਸ ਦੇ ਬੁਲਾਰੇ ਕੁੰਵਰ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਕੌਮਾਂਤਰੀ ਪੱਧਰ ਦੇ ਸਟੇਡੀਅਮ 'ਚ ਵਿਸ਼ਵ ਕੱਪ ਦਾ ਮੈਚ ਨਾ ਦੇਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਦੀ ਭਾਜਪਾ ਸਰਕਾਰਾ ਸੂਬੇ ਦੇ ਨਾਲ ਧੱਕਾ ਕਰ ਰਹੀ ਹੈ ਤਾਂ ਉਥੇ ਹੀ ਸੂਬੇ ਦੀ ਮਾਨ ਸਰਕਾਰ ਵੀ ਆਪਣੇ ਹੱਕਾਂ ਨੂੰ ਬਚਾਉਣ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਨਾਲ-ਨਾਲ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਹੈ, ਕਿਉਂਕਿ ਵਿਸ਼ਵ ਕੱਪ ਦੇ ਮੈਚਾਂ ਨੂੰ ਦੇਖਣ ਲਈ ਲੋਕਾਂ ਨੇ ਬਾਹਰੋਂ ਆਉਣਾ ਸੀ, ਜਿਸ ਨਾਲ ਸੂਬੇ ਲਈ ਆਮਦਨ ਦਾ ਸਾਧਨ ਬਣਨਾ ਸੀ, ਜਿਸ ਪੱਖੋਂ ਅਸੀਂ ਮਾਰ ਖਾਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਨਾ ਹੋਣ ਦਾ ਹਵਾਲਾ ਦੇਣਾ ਵੀ ਪੰਜਾਬ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਗੱਲ ਹੈ।
ਮੁਹਾਲੀ ਵਰਗੇ ਕੌਮਾਂਤਰੀ ਸਟੇਡੀਅਮ 'ਚ ਮੈਚ ਨਾ ਹੋਣਾ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਅਣਦੇਖੀ ਕਰਨਾ ਹੈ। ਇਸ ਲਈ ਜਿਥੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਤਾਂ ਉਥੇ ਹੀ ਸੂਬੇ ਦੀ ਮਾਨ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ, ਜੋ ਕਾਨੂੰਨ ਵਿਵਸਥਾ ਸਹੀ ਹੋਣ ਦਾ ਭਰੋਸਾ ਹੀ ਨਹੀਂ ਦਿਵਾ ਸਕੀ। ਕੁੰਵਰ ਹਰਪ੍ਰੀਤ, ਬੁਲਾਰਾ ਕਾਂਗਰਸ