"ਪਤੀ ਨੇ ਨਸ਼ੇ 'ਚ ਲਾਇਆ", ਨਸ਼ੇ ਦੀ ਪੂਰਤੀ ਲਈ ਸਰੀਰ ਵੇਚ ਰਹੀਆਂ ਕੁੜੀਆਂ ... ਲੁਧਿਆਣਾ: ਪੂਰੇ ਵਿਸ਼ਵ ਭਰ ਵਿੱਚ, ਜਿੱਥੇ ਇੱਕ ਪਾਸੇ ਐਚਆਈਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਉੱਥੇ ਹੀ ਭਾਰਤ ਵਿੱਚ ਲਗਾਤਾਰ ਮਰੀਜ਼ਾਂ ਦੇ ਅੰਕੜੇ ਵੱਧ ਰਹੇ ਹਨ। ਪੰਜਾਬ ਦੇ ਸਰਕਾਰੀ ਵਿਭਾਗ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਪੰਜਾਬ ਤਹਿਤ ਵੱਲੋਂ ਸਾਲ 2019 ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਦੇਸ਼ ਭਰ ਵਿੱਚ ਕੁੱਲ 21.40 ਲੱਖ ਐਚਆਈਵੀ ਪਾਜ਼ੀਟਿਵ ਹਨ, ਜਿਨ੍ਹਾਂ ਵਿੱਚ ਪੰਜਾਬ ਅੰਦਰ 36, 794 ਕੇਸ ਸਨ। ਹੇਠਲੇ ਟੇਬਲ ਰਾਹੀਂ ਦੇਖੋ ਅੰਕੜੇ:-
ਸਾਲ ਪੰਜਾਬ 'ਚ HIV ਪਾਜ਼ੀਟਿਵ ਮਾਮਲੇ 2009 27,252 2010 29,491 2011 31,961 2015 36,794 ਜੁਲਾਈ 2019-20 40,600
ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਸਾਲ 2022 ਦੇ ਆਖਰ ਤੱਕ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਿਸ਼ਵ ਭਰ ਵਿੱਚ ਲਗਭਗ 39 ਮਿਲੀਅਨ ਦੇ ਕਰੀਬ ਲੋਕ ਐਚਆਈਵੀ ਤੋਂ ਪੀੜਿਤ ਸਨ। ਅੰਕੜਿਆਂ ਦੇ ਮੁਤਾਬਿਕ ਸਾਲ 2022 ਤੱਕ ਐਚਆਈਵੀ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 6 ਲੱਖ 30 ਹਜਾਰ ਸੀ, ਜਦੋਂ ਕਿ ਐਚਆਈਵੀ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਲਗਭਗ 13 ਲੱਖ ਦੇ ਕਰੀਬ ਸੀ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਲਗਾਤਾਰ ਐਚਆਈਵੀ ਦੇ ਮਾਮਲਿਆਂ ਵਿੱਚ ਇਜਾਫਾ ਹੋ ਰਿਹਾ ਹੈ।
ਜੇਲ੍ਹਾਂ ਵਿੱਚ ਵੀ ਬਿਮਾਰੀ ਨੇ ਘੇਰਿਆ: ਪੰਜਾਬ ਸਰਕਾਰ ਦੇ ਨਵੇਂ ਮੰਤਰੀ ਵੱਲੋਂ ਬੀਤੇ ਸਮੇਂ ਦੌਰਾਨ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਜੇਲ੍ਹਾਂ ਵਿੱਚ ਬਿਮਾਰੀਆਂ ਦੇ ਖਿਲਾਫ ਚਲਾਈ ਗਈ ਮੁੰਹਿਮ ਦੇ ਤਹਿਤ ਕੁੱਲ 33,682 ਕੈਦੀਆਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 923 ਕੈਦੀ ਐਚਆਈਵੀ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਬਿਮਾਰੀਆਂ ਤੋਂ ਮਰੀਜ਼ ਪੀੜਤ ਪਾਏ ਗਏ, ਜਿਨਾਂ ਵਿੱਚ 143 ਟੀਬੀ ਦੇ ਮਰੀਜ਼ ਸਨ। ਇਸ ਤੋਂ ਇਲਾਵਾ 43 ਮਰੀਜ਼ ਹੈਪਟਾਈਟਸ ਸੀ, 4846 ਮਰੀਜ਼ ਹੈਪਟਾਈਟਸ ਬੀ ਤੋ ਪੀੜਿਤ (HIV Positive Case) ਪਾਏ ਗਏ ਸਨ।
ਪੀੜਤਾਂ ਦੀ ਜੁਬਾਨੀ: ਨਸ਼ੇ ਦੀ ਦਲਦਲ 'ਚ ਸਿਰਫ ਨੌਜਵਾਨ ਹੀ ਨਹੀਂ, ਸਗੋਂ ਪੰਜਾਬ ਦੀਆਂ ਮੁਟਿਆਰਾਂ ਵੀ ਫੱਸਦੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਬਸਤੀ ਯੋਧੇਵਾਲ ਵਿੱਚ ਕੇਂਦਰ ਸਰਕਾਰ ਦੇ ਪ੍ਰੋਗਰਾਮ ਦੇ ਤਹਿਤ ਨਸ਼ਾ ਕਰਨ ਲਈ ਮੁਫਤ ਸਰਿੰਜਾਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਏਡਜ਼ ਉੱਤੇ ਕਾਬੂ ਪਾਇਆ ਜਾ ਸਕੇ। ਉੱਥੇ ਨੌਜਵਾਨਾਂ ਨਾਲ ਕਈ ਮੁਟਿਆਰਾ ਵੀ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿੱਚੋਂ ਕਈਆਂ ਨੇ ਸਾਡੇ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਨਸ਼ੇ ਦੀ ਦਲਦਲ ਦੇ ਵਿੱਚ ਉਹ ਕਿਸ ਤਰ੍ਹਾਂ ਫਸੀਆਂ।
ਪਤੀ ਨੇ ਹੀ ਨਸ਼ੇ ਉੱਤੇ ਲਾਇਆ: ਨਸ਼ੇ ਦੀ ਡੋਜ਼ ਲੈਣ ਵਾਲੀ ਪੀੜਤਾਂ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਨਸ਼ਾ ਲਾਉਣ ਉੱਤੇ ਲਾਇਆ ਸੀ ਜਿਸ ਤੋਂ ਬਾਅਦ ਹੁਣ ਉਹ ਦੋਵੇਂ ਹੀ ਨਸ਼ੇ ਦੇ ਆਦੀ ਹਨ। ਇੱਕ ਹੋਰ ਪੀੜਤਾਂ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਦੇ ਲਈ ਉਹ ਕਤਲ ਤੱਕ ਕਰ ਚੁੱਕੀ ਹੈ ਜਿਸ ਸਬੰਧੀ ਉਹ ਛੇ ਸਾਲ ਦੀ ਸਜ਼ਾ ਕੱਟ ਕੇ ਜੇਲ ਵਿੱਚੋਂ ਆਈ ਹੈ। ਉਸ ਨੇ ਦੱਸਿਆ ਕਿ ਉਹ ਐਚਆਈਵੀ ਪਾਜੀਟਿਵ ਹੈ। ਨਸ਼ੇ ਦੀ ਪੂਰਤੀ ਦੇ ਲਈ ਲੜਕੀਆਂ ਨੂੰ ਗ਼ਲਤ ਕੰਮ ਕਰਨੇ ਪੈਂਦੇ ਹਨ ਜਿਸ ਕਾਰਨ ਅੱਗੇ ਤੋਂ ਅੱਗੇ ਐਚਆਈਵੀ ਹੋਰ ਫੈਲਦਾ ਹੈ।
ਨਸ਼ੇ ਕਾਰਨ ਫੈਲ ਰਿਹਾ ਐਚਆਈਵੀ: ਪੰਜਾਬ ਵਿੱਚ ਨਸ਼ੇ ਕਾਰਨ ਲਗਾਤਾਰ ਐਚਆਈਵੀ ਦੇ ਮਾਮਲਿਆਂ ਦੇ ਵਿੱਚ ਇਜਾਫਾ ਹੋ ਰਿਹਾ ਹੈ। ਬੀਤੇ ਦਿਨੀ ਛਪੀਆਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪੰਜਾਬ ਵਿੱਚ ਇੱਕ ਸਾਲ ਦੇ ਅੰਦਰ 10 ਹਜ਼ਾਰ ਦੇ ਕਰੀਬ ਐਚਆਈਵੀ ਨਵੇਂ ਮਾਮਲੇ ਆਏ ਹਨ। ਹਾਲਾਂਕਿ, ਲੁਧਿਆਣਾ ਸਿਵਲ ਹਸਪਤਾਲ ਦੀ ਨਸ਼ਾ ਛੁੜਾਊ ਕੇਂਦਰ ਦੀ ਮਨੋਰੋਗ ਮਾਹਿਰ ਡਾਕਟਰ ਹਰਸਿਮਰਨ ਕੌਰ ਦਾ ਮੰਨਣਾ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਵਧੀ ਹੈ ਜਿਸ ਕਾਰਨ ਟੈਸਟਿੰਗ ਵੱਧ ਹੋਣ ਕਰਕੇ ਹੁਣ ਮਾਮਲਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪਾਜੀਟਿਵ ਸੋਚ ਨਾਲ ਲੈਣ ਦੀ ਲੋੜ ਹੈ।
ਨਸ਼ੇ ਦੀ ਪੂਰਤੀ ਦੇ ਲਈ ਅਕਸਰ ਹੀ ਨੌਜਵਾਨ ਇੱਕ ਦੂਜੇ ਦੇ ਨਾਲ ਸਰਿੰਜ ਸ਼ੇਅਰ ਕਰਦੇ ਹਨ ਜਿਸ ਤੋਂ ਐਚਆਈਵੀ ਫੈਲਦਾ ਹੈ। ਪੰਜਾਬ ਦੇ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਇਸ ਸਬੰਧੀ ਟੈਸਟ ਵੀ ਕੀਤੇ ਜਾਂਦੇ ਹਨ। ਹੁਣ ਨਸ਼ੇ ਸਬੰਧੀ ਦਵਾਈ ਦੇਣ ਤੋਂ ਪਹਿਲਾਂ ਐਚਆਈਵੀ ਦਾ ਟੈਸਟ ਕਰਵਾਉਣਾ ਲਾਜ਼ਮੀ ਹੈ। ਉਸ ਦੇ ਮੁਤਾਬਿਕ ਹੀ ਅੱਗੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। - ਡਾਕਟਰ ਹਰਸਿਮਰਨ ਕੌਰ, ਸਿਵਲ ਹਸਪਤਾਲ
ਜਾਗਰੂਕਤਾ ਦੀ ਕਮੀ: ਨਸ਼ਿਆਂ ਦੇ ਖਿਲਾਫ ਲਗਾਤਾਰ ਕੰਮ ਕਰ ਰਹੇ ਡਾਕਟਰ ਇੰਦਰਜੀਤ ਢੀਂਗਰਾ ਨੇ ਕਿਹਾ ਕਿ ਜਾਗਰੂਕਤਾ ਬੇਹਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਹੁਣ ਨੌਜਵਾਨਾਂ ਦੇ ਨਾਲ ਘੱਟ ਉਮਰ ਦੇ ਬੱਚੇ ਵੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਹੇ ਹਨ, ਜਿਨ੍ਹਾਂ ਨੂੰ ਬਚਾਉਣਾ ਬੇਹਦ ਜ਼ਰੂਰੀ ਹੈ। ਇੰਦਰਜੀਤ ਢੀਂਗਰਾ ਨੇ ਕਿਹਾ ਕਿ ਨਸ਼ੇ ਦੀ ਪੂਰਤੀ ਦੇ ਲਈ ਲਗਾਤਾਰ ਪੰਜਾਬ ਵਿੱਚ ਜੁਰਮ ਵਧ ਰਿਹਾ ਹੈ ਅਤੇ ਭਿਆਨਕ ਬਿਮਾਰੀਆਂ ਵੀ ਨੌਜਵਾਨਾਂ ਦੇ ਵਿੱਚ ਫੈਲ ਰਹੀਆਂ ਹਨ।
ਰਵਾਇਤੀ ਨਸ਼ਿਆਂ ਨੂੰ ਪ੍ਰਫੁੱਲਿਤ ਕਰੇ ਸਰਕਾਰ: ਡਾਕਟਰ ਇੰਦਰਜੀਤ ਢੀਂਗਰਾ ਨੇ ਦੱਸਿਆ ਕਿ ਜਦੋਂ ਅਸੀਂ ਸੈਂਟਰ 2008 ਦੇ ਵਿੱਚ ਸ਼ੁਰੂ ਕੀਤਾ ਸੀ, ਉਸ ਵੇਲੇ 200 ਤੋਂ 300 ਨੌਜਵਾਨ ਹੀ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਨ ਅਤੇ ਹੁਣ 7 ਤੋਂ 8 ਹਜਾਰ ਤੱਕ ਇਹ ਗਿਣਤੀ ਇਕੱਲੀ ਲੁਧਿਆਣਾ ਦੀ ਪਹੁੰਚ ਚੁੱਕੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਲਾਤ ਕਿੰਨੇ ਜਿਆਦਾ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇਸ ਉੱਤੇ ਕੰਮ ਕਰ ਰਹੀ ਹੈ। ਲੋੜ ਹੈ ਕਿ ਰਵਾਇਤੀ ਨਸ਼ਿਆਂ ਨੂੰ ਮੁੜ ਤੋਂ ਪ੍ਰਫੁਲਿਤ ਕਰਕੇ ਚਿੱਟੇ ਦੇ ਨਸ਼ੇ ਉੱਤੇ ਠੱਲ੍ਹ ਪਾਈ ਜਾਵੇ।