ਲੁਧਿਆਣਾ: ਬਾਪੂ ਆਸਾਰਾਮ ਨੂੰ ਜੇਲ੍ਹ 'ਚੋਂ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਮਹਿਲਾ ਸਮਰਥਕ ਪਹੁੰਚੀਆਂ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸਾਡਾ ਬਾਪੂ ਆਸਾਰਾਮ ਬੇਕਸੂਰ ਹੈ ਅਤੇ ਉਸ ਨੂੰ ਇਸ ਉਮਰ 'ਚ ਬਿਨਾਂ ਕਿਸੇ ਕਾਰਨ ਜੇਲ੍ਹ 'ਚ ਬੰਦ ਕੀਤਾ ਗਿਆ ਹੈ, ਉਸ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ। ਆਸਾਰਾਮ ਦੀਆਂ ਮਹਿਲਾ ਪੈਰੋਕਾਰਾਂ ਨੇ ਕਿਹਾ ਕਿ ਕਿਸੇ ਇੱਕ ਔਰਤ ਵੱਲੋਂ ਇਲਜ਼ਾਮ ਲਗਾਉਣ ਉੱਤੇ ਕਿਸੇ ਸੰਤ ਨੂੰ ਕਿਵੇਂ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ ਹੈ। ਡੀਸੀ ਦਫ਼ਤਰ ਪਹੁੰਚੀਆਂ ਮਹਿਲਾਵਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਸਾਰਾਮ ਨੂੰ ਕਿਸੇ ਮਹਿਲਾ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿੱਚ ਨਹੀਂ ਸਗੋਂ ਸਿਆਸਤ ਦੇ ਤਹਿਤ ਜੇਲ੍ਹ ਅੰਦਰ ਬੰਦ ਬੰਦ ਕੀਤਾ ਗਿਆ ਹੈ ਜਦਕਿ ਉਨ੍ਹਾਂ ਵਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ। ਔਰਤਾਂ ਵਲੋਂ ਦੱਸਿਆ ਗਿਆ ਕਿ ਕੋਈ ਵੀ ਬਾਬਾ ਸੰਤ ਅਜਿਹੇ ਕੁਕਰਮ ਨਹੀਂ ਕਰ ਸਕਦਾ ਅਤੇ ਉਨ੍ਹਾਂ ਨੂੰ ਫਸਾਇਆ ਜਾਂਦਾ ਹੈ।
ਸਿਆਸੀ ਰੰਜਿਸ਼ ਤਹਿਤ ਕੀਤਾ ਗਿਆ ਜੇਲ੍ਹ ਬੰਦ: ਮਹਿਲਾਵਾਂ ਨੇ ਕਿਹਾ ਕਿ ਜੇਕਰ ਇਕ ਔਰਤ ਦੇ ਕਹਿਣ 'ਤੇ ਉਸ ਨੂੰ ਜੇਲ੍ਹ ਹੋ ਸਕਦੀ ਹੈ ਤਾਂ ਲੱਖਾਂ ਔਰਤਾਂ ਜੋ ਉਸ ਦੀਆਂ ਸ਼ਰਧਾਲੂ ਹਨ, ਕਹਿ ਰਹੀਆਂ ਹਨ ਕਿ ਉਹ ਬੇਕਸੂਰ ਹੈ ਤਾਂ ਉਸ ਨੂੰ ਬਾਹਰ ਕਿਉਂ ਨਹੀਂ ਭੇਜਿਆ ਜਾ ਰਿਹਾ। ਔਰਤਾਂ ਨੇ ਕੁਝ ਹੋਰ ਸੰਤਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ। ਔਰਤਾਂ ਨੇ ਕਿਹਾ ਕਿ ਅਸੀਂ ਦਰਜਨਾਂ ਵਾਰ ਉਨ੍ਹਾਂ ਦੇ ਆਸ਼ਰਮ 'ਚ ਜਾ ਚੁੱਕੇ ਹਾਂ, ਉੱਥੇ ਅਜਿਹਾ ਕੁਝ ਨਹੀਂ ਹੁੰਦਾ, ਪਰ ਲੋਕਾਂ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਜਰੂਰ ਹੁੰਦੀ ਹੈ।