ਲੁਧਿਆਣਾ:ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਜਿੱਥੇ ਜਿੱਤ ਦੇ ਜਸ਼ਨ ਹਾਲੇ ਚੰਗੀ ਤਰ੍ਹਾਂ ਮਨਾ ਹੀ ਨਹੀਂ ਪਾਈ ਸੀ ਕਿ ਸੰਗਰੂਰ ਵਿੱਚ ਪਾਰਟੀ ਨੂੰ ਕਰਾਰਾ ਝਟਕਾ ਮਿਲ ਗਿਆ ਅਤੇ ਬਾਕੀ ਪਾਰਟੀਆਂ ਨੂੰ ਵੱਡਾ ਮੌਕਾ। ਇਸ ਮੌਕੇ ਨੂੰ ਸਾਰੀਆਂ ਹੀ ਪਾਰਟੀਆਂ ਕੈਸ਼ ਕਰਨ ’ਚ ਲੱਗੀਆਂ ਹੋਈਆਂ ਹਨ। ਸੰਗਰੂਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਇਹ ਜਾਣ ਲਿਆ ਕਿ ਪੰਜਾਬ ਦੇ ਲੋਕਾਂ ਦਾ ਮੂਡ ਹਾਲੇ ਵੀ ਬਦਲ ਸਕਦਾ ਹੈ, ਛੋਟਾ ਜਿਹਾ ਮੁੱਦਾ ਵੀ ਪੰਜਾਬ ਸਿਆਸਤ ’ਤੇ ਭਾਰੀ ਪੈ ਸਕਦਾ ਹੈ, ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਪਟਕਨੀ ਦੇ ਸਕਦਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੀ ਹਾਰ ਦੇ ਵਿੱਚ ਕਾਨੂੰਨ ਵਿਵਸਥਾ ’ਤੇ ਲਗਾਤਾਰ ਉੱਠ ਰਹੇ ਸਵਾਲ ਜ਼ਰੂਰ ਵੱਡਾ ਕਾਰਨ ਬਣੇ ਪਰ ਹੁਣ ਵਾਰੀ ਨਗਰ ਨਿਗਮ ਚੋਣਾਂ ਦੀ ਹੈ ਜਿਸ ਵਿੱਚ ਮੁੱਦੇ ਛੋਟੇ ਅਤੇ ਸਿਆਸਤ ਵੱਡੀ ਹੁੰਦੀ ਹੈ।
ਭਾਜਪਾ ਨੇ ਖਿੱਚੀ ਤਿਆਰੀ: ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਹੁਣ ਤੋਂ ਹੀ ਪੂਰੀਆਂ ਤਿਆਰੀਆਂ ਖਿੱਚ ਦਿੱਤੀਆਂ ਗਈਆਂ ਹਨ। ਨਾ ਸਿਰਫ ਲੁਧਿਆਣਾ ਸਗੋਂ ਨਗਰ ਨਿਗਮ ਜਲੰਧਰ, ਅੰਮ੍ਰਿਤਸਰ, ਮੁਹਾਲੀ ਅਤੇ ਪਟਿਆਲਾ ਦੇ ਵਿੱਚ ਵੀ ਭਾਜਪਾ ਵੱਲੋਂ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਿੱਥੇ ਹੋਰਨਾਂ ਪਾਰਟੀਆਂ ਦੇ ਵਰਕਰਾਂ ਨੂੰ ਭਾਜਪਾ ’ਚ ਸ਼ਾਮਿਲ ਕਰਵਾਇਆ ਉੱਥੇ ਹੀ ਮੰਡਲਾਂ ਦੀ ਬੈਠਕ ਵੀ ਹੋਈ ਅਤੇ ਅਗਲੇਰੀ ਨਗਰ ਨਿਗਮ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇੱਥੋਂ ਤੱਕ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਆਪਣਾ ਏਜੰਡਾ ਨਾ ਦੱਸਣ ਦੀ ਗੱਲ ਕਹਿ ਕੇ ਇਹ ਜ਼ਰੂਰ ਕਿਹਾ ਕਿ ਉਹ ਪੂਰੇ ਜ਼ੋਰਾਂ ਸ਼ੋਰਾਂ ਨਾਲ ਇੰਨ੍ਹਾਂ ਚੋਣਾਂ ਚ ਹਿੱਸਾ ਲੈਣਗੇ ਅਤੇ ਇਸ ਸਬੰਧੀ ਉਹ ਹਲੇ ਬਾਅਦ ਵਿੱਚ ਫ਼ੈਸਲਾ ਲੈਣਗੇ ਕਿ ਚੋਣਾਂ ’ਚ ਕਿਵੇਂ ਗੱਠਜੋੜ ਦੇ ਨਾਲ ਮਿਲ ਕੇ ਲੜਨਾ ਹੈ। ਅਸ਼ਵਨੀ ਸ਼ਰਮਾ ਨੇ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਦਾ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ ਹੈ।
ਕੀ ਕਹਿੰਦੇ ਨੇ ਅੰਕੜੇ? : ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੁੱਲ 2215 ਸੀਟਾਂ ਹਨ ਜਿੰਨ੍ਹਾਂ ਵਿੱਚ 400 ਸੀਟਾਂ ਮਿਉਂਸਪਲ ਕਾਰਪੋਰੇਸ਼ਨ ਜਦੋਂਕਿ 1815 ਸੀਟਾਂ ਮਿਉਂਸਿਪਲ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਹਨ। ਪਿਛਲੇ ਚੋਣ ਨਤੀਜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਸੀਟਾਂ ਵਿੱਚੋਂ ਕਾਂਗਰਸ ਦੀ ਝੋਲੀ ਹੀ 1432 ਸੀਟਾਂ ਪਈਆਂ ਸਨ ਜਦੋਂ ਕਿ ਅਕਾਲੀ ਦਲ ਦੀ ਝੋਲੀ 284 ਸੀਟਾਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਝੋਲੀ ਮਹਿਜ਼ 69 ਸੀਟਾਂ ਜਦੋਂਕਿ ਭਾਜਪਾ ਦਾ ਉਸ ਵੇਲੇ ਅਕਾਲੀ ਦਲ ਨਾਲ ਗੱਠਜੋੜ ਸੀ ਅਤੇ ਉਨ੍ਹਾਂ ਨੂੰ 49 ਸੀਟਾਂ ਤੇ ਜਿੱਤ ਹਾਸਲ ਹੋਈ ਸੀ।
ਇਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ 364 ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਸਨ ਬਸਪਾ ਤੇ ਸੀਪੀਆਈ ਦਾ ਗੱਠਜੋੜ ਸੀ ਜਿਨ੍ਹਾਂ ਨੇ 17 ਸੀਟਾਂ ਹਾਸਿਲ ਕੀਤੀਆਂ। ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ 400 ਸੀਟਾਂ ਦੇ ਵਿੱਚੋਂ 317 ਸੀਟਾਂ ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਜਦੋਂਕਿ 33 ਤੇ ਭਾਜਪਾ ’ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਝੋਲੀ ਮਹਿਜ਼ 18 ਸੀਟਾਂ ਹੀ ਪਈਆਂ ਸਨ। 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਜਿੰਨੀਆਂ ਵੀ ਨਗਰ ਨਿਗਮ ਨਗਰ ਪੰਚਾਇਤ ਅਤੇ ਨਗਰ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਨ੍ਹਾਂ ਵਿੱਚ ਕਾਂਗਰਸ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ।