ਲੁਧਿਆਣਾ: ਜ਼ਿਲ੍ਹੇੇ ਵਿੱਚ ਲੱਖਾਂ ਦੀ ਆਬਾਦੀ ਹੈ ਅਤੇ ਕਈ ਲੋਕ ਅਜਿਹੇ ਵੀ ਹਨ ਜੋ ਬਿਨਾਂ ਛੱਤ ਤੋਂ ਲੁਧਿਆਣਾ ਵਿੱਚ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਦੋ ਵਕਤ ਦੀ ਰੋਟੀ ਜੋਗਾ ਕਮਾਉਂਦੇ ਹਨ। ਬਾਵਜੂਦ ਇਸਦੇ ਉਹ ਇੰਨ੍ਹੇ ਸਮਰੱਥ ਨਹੀਂ ਹੁੰਦੇ ਕਿ ਕਿਰਾਏ ਉੱਤੇ ਮਕਾਨ ਲੈਕੇ ਰਹਿ ਸਕਣ ਕਿਉਂਕਿ ਉਹ ਸਾਰੇ ਦਿਨ ਦੀ ਮਿਹਨਤ ਮਜ਼ਦੂਰੀ ਬਾਅਦ ਦੋ ਟੁੱਕ ਢਿੱਡ ਭਰਨ ਜੋਗਾ ਹੀ ਕਮਾ ਪਾਉਂਦੇ ਹਨ। ਇਸਦੇ ਚੱਲਦੇ ਹੀ ਉਨ੍ਹਾਂ ਨੂੰ ਮਜ਼ਬੂਰੀਵੱਸ ਸੜਕਾਂ ਉੱਤੇ ਸੌਂਅ ਕੇ ਜੀਵਨ ਨਿਰਬਾਹ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰ ਦਾਅਵੇ ਕਰਦੀ ਹੈ ਕਿ ਗਰਮੀਆਂ-ਸਰਦੀਆਂ ਤੋਂ ਬਚਾਉਣ ਲਈ ਲੋੜਵੰਦ ਲੋਕਾਂ ਲਈ ਰੈਣ ਬਸੇਰੇ ਬਣਾਏ (night shelter) ਗਏ ਹਨ ਪਰ ਇੰਨ੍ਹਾਂ ਰੈਣ ਬਸੇਰਿਆਂ ਵਿੱਚ ਜੋ ਹਾਲਾਤ ਨੇ ਉੱਥੇ ਰਹਿਣਾ ਬਹੁਤ ਮੁਸ਼ਕਿਲ ਹੈ। ਸੜਕਾਂ ’ਤੇ ਸੌਣ ਵਾਲੇ ਲੋਕ ਰੈਣ ਬਸੇਰਿਆਂ ਦੀ ਥਾਂ ਸੜਕਾਂ ’ਤੇ ਹੀ ਸੌਂਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਕਿ ਰੈਣ ਬਸੇਰਿਆਂ ਵਿੱਚ ਤੜਕੇ ਚਾਰ ਪੰਜ ਵਜੇ ਉਠਾ ਕੇ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ ਅਤੇ ਰੈਣ ਬਸੇਰੇ ਖਾਲੀ ਕਰਵਾ ਲਏ ਜਾਂਦੇ ਹਨ।
ਬੇਸਹਾਰਿਆਂ ਦੇ ਦੁੱਖ ਨੂੰ ਦੇਖਦੇ ਹੋਏ ਈਟੀਵੀ ਭਾਰਤ ਦੀ ਟੀਮ ਵੱਲੋਂ ਰੈਣ ਬਸੇਰਿਆਂ ਦਾ ਦੌਰਾ ਕੀਤਾ ਗਿਆ ਤਾਂ ਕਈ ਕਮਰਿਆਂ ’ਤੇ ਜ਼ਿੰਦਰੇ ਜੜੇ ਹੋੋਏ ਸਨ ਜਦੋਂ ਪ੍ਰਬੰਧਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਨਗਰ ਨਿਗਮ ਹੀ ਦੱਸ ਸਕਦਾ ਹੈ।