ਲੁਧਿਆਣਾ:ਜ਼ਿਲ੍ਹੇ ਦੇ ਮੱਤੇਵਾੜਾ ਵਿਖੇ ਇੱਕ ਹਜ਼ਾਰ ਤੋਂ ਵੱਧ ਏਕੜ ਵਿਚ ਜ਼ਮੀਨ ਐਕਵਾਇਰ ਕਰਕੇ ਉੱਥੇ ਟੈਕਸਟਾਈਲ ਪਾਰਕ ਲਗਾਉਣ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਹੈ ਜਿਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਤਲੁਜ ਕੰਢੇ ’ਤੇ ਟੈਕਸਟਾਈਲ ਪਾਰਕ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ ਅਤੇ ਸਤਲੁਜ ਦੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟਣ ਦੇ ਨਾਲ ਲੁਧਿਆਣਾ ਦੇ ਬੁੱਢੇ ਨਾਲੇ ਵਰਗੇ ਹੀ ਸਤਲੁਜ ਦਰਿਆ ਦੇ ਹਾਲਾਤ ਹੋ ਜਾਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਬੁੱਢਾ ਨਾਲਾ ਸਿੱਧਾ ਵਲੀਪੁਰ ਪਿੰਡ ਵਿੱਚ ਜਾ ਕੇ ਸਤਲੁਜ ਦਰਿਆ ਵਿੱਚ ਸੁੱਟਿਆ ਜਾਂਦਾ ਹੈ ਜਿਸ ਦਾ ਪ੍ਰਦੂਸ਼ਿਤ ਪਾਣੀ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਰਾਜਸਥਾਨ ਤੱਕ ਮਾਰ ਕਰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਜੇਕਰ ਬਿਲਕੁਲ ਸਤਲੁਜ ਦਰਿਆ ਦੇ ਕੰਢੇ ’ਤੇ ਹੀ ਵੱਡਾ ਇੰਡਸਟਰੀ ਪਾਰਕ ਲਗਾ ਦਿੱਤਾ ਗਿਆ ਤਾਂ ਨਾ ਸਿਰਫ ਇਥੋਂ ਦੇ ਲੋਕ ਉਜੜਨਗੇ ਸਗੋਂ ਸਾਡਾ ਚੌਗਿਰਦਾ ਵੀ ਖ਼ਰਾਬ ਹੋਵੇਗਾ।
ਕੀ ਹੈ ਪ੍ਰੋਜੈਕਟ?:ਦਰਅਸਲ ਪਿਛਲੀ ਕਾਂਗਰਸ ਸਰਕਾਰ ਵੱਲੋਂ ਮੱਤੇਵਾੜਾ ਵਿਖੇ ਟੈਕਸਟਾਈਲ ਪ੍ਰਾਜੈਕਟ ਲਿਆਉਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਦਾ ਭਗਵੰਤ ਮਾਨ ਖੁਦ ਵਿਰੋਧੀ ਪਾਰਟੀ ਹੋਣ ਦੇ ਦੌਰਾਨ ਖ਼ਿਲਾਫ਼ਤ ਕਰਦੇ ਰਹੇ ਪਰ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੌਰਾਨ ਮੱਤੇਵਾੜਾ ਦੇ ਟੈਕਸਟਾਈਲ ਪਾਰਕ ਨੂੰ ਹਰੀ ਝੰਡੀ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਨੂੰ ਲੈ ਕੇ ਹੁਣ ਸਥਾਨਕ ਪਿੰਡ ਵਾਸੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਬਕਾਇਦਾ ਇਸ ਸਬੰਧੀ ਇੱਕ ਪਬਲਿਕ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਜਿਸ ਨੇ ਹੁਣ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਨਹੀਂ ਬਚੇ ਜੰਗਲ!: ਪੰਜਾਬ ਵਿੱਚ ਜੰਗਲਾਂ ਦੀ ਭਾਰੀ ਕਮੀ ਹੈ ਅਤੇ ਜੋ ਹਨ ਉਨ੍ਹਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 33 ਫ਼ੀਸਦੀ ਤੋਂ ਬਾਅਦ ਹੁਣ ਮਹਿਜ਼ 3.67 ਫ਼ੀਸਦੀ ਹੀ ਜੰਗਲ ਰਹਿ ਗਏ ਹਨ। ਖਾਸ ਕਰਕੇ ਮਾਛੀਵਾੜਾ ਮੱਤੇਵਾੜਾ ਜੰਗਲ ਸਿੱਖ ਗੁਰੂਆਂ ਦੇ ਨਾਲ ਵੀ ਸਬੰਧਤ ਰਹੇ ਹਨ ਅਤੇ ਇੱਥੇ ਹੁਣ ਟੈਕਸਟਾਈਲ ਪਾਰਕ ਨੂੰ ਲੈ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾ ਸਿਰਫ਼ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਸਗੋਂ ਵਿਰੋਧੀ ਪਾਰਟੀਆਂ ਵੀ ਇਸ ਦੇ ਖ਼ਿਲਾਫ਼ ਸਰਕਾਰ ਦੇ ਵਿਰੁੱਧ ਨਿੱਤਰ ਰਹੀਆਂ ਹਨ।
10 ਜੁਲਾਈ ਨੂੰ ਵੱਡਾ ਇਕੱਠ: ਸਿਮਰਨਜੀਤ ਸਿੰਘ ਮਾਨ ਜੋ ਕਿ ਹਾਲ ਹੀ ਵਿੱਚ ਸੰਗਰੂਰ ਲੋਕਸਭਾ ਤੋਂ ਜਿੱਤੇ ਹਨ ਉਨ੍ਹਾਂ ਦੇ ਬੇਟੇ ਮੱਤੇਵਾੜਾ ਦੇ ਜੰਗਲਾਂ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਐਲਾਨ ਕੀਤਾ ਕਿ ਪਬਲਿਕ ਐਕਸ਼ਨ ਕਮੇਟੀ ਦੇ ਸਹਿਯੋਗ ਦੇ ਨਾਲ ਹੋਰ ਵਾਤਾਵਰਣ ਪ੍ਰੇਮੀਆਂ ਨਾਲ ਮਿਲ ਕੇ ਉਹ ਦਸ ਜੁਲਾਈ ਨੂੰ ਇੱਥੇ ਵੱਡੇ ਇਕੱਠ ਕਰਨਗੇ ਜਿਸ ਵਿੱਚ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਥੇ ਵਧ ਚੜ੍ਹ ਕੇ ਪਹੁੰਚਣ।
ਮਾਨ ਸਰਕਾਰ ’ਤੇ ਵਰ੍ਹੇ ਸਿਮਰਨਜੀਤ ਮਾਨ ਦੇ ਪੁੱਤਰ!: ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਅਜਿਹੇ ਟੈਕਸਟਾਈਲ ਪਾਰਕਾਂ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਵੀ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਪਹਿਲਾਂ ਹੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਹੁਣ ਉਸ ਦੇ ਕੰਢੇ ਟੈਕਸਟਾਈਲ ਪਾਰਕ ਬਣਾ ਕੇ ਜੋ ਰਹਿੰਦੀ ਖੂੰਹਦੀ ਕਸਰ ਹੈ ਉਸਨੂੰ ਵੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਪ੍ਰਦੂਸ਼ਿਤ ਪਾਣੀ ਹੀ ਮਿਲਣਗੇ।
ਪਿੰਡ ਵਾਸੀ ਹੋਏ ਖ਼ਿਲਾਫ਼: ਮੱਤੇਵਾਲ ਜੰਗਲਾਂ ਦੇ ਇਲਾਕੇ ਵਿੱਚ ਵੱਡੀ ਤਾਦਾਦ ਅੰਦਰ ਖੇਤੀਯੋਗ ਜ਼ਮੀਨ ਵੀ ਹੈ ਜਿਸ ’ਤੇ ਖੇਤੀ ਕਰਕੇ ਕਈ ਪਿੰਡ ਜੋ ਮੱਤੇਵਾੜਾ ਦੇ ਨੇੜੇ ਲੱਗਦੇ ਹਨ ਜਿਵੇਂ ਸੇਖੋਵਾਲ ਆਦਿ ਖੇਤੀ ’ਤੇ ਹੀ ਨਿਰਭਰ ਸਨ ਸੈਂਕੜੇ ਆਬਾਦੀਆਂ ਵਾਲੇ ਇੰਨ੍ਹਾਂ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਵਿਚ ਲੋਕ ਆ ਕੇ ਵਸੇ ਅਤੇ ਉੱਥੇ ਖੇਤੀ ਕਰਨੀ ਸ਼ੁਰੂ ਕੀਤੀ ਪਰ ਜਦੋਂ ਜ਼ਮੀਨ ਨੂੰ ਸਖ਼ਤ ਮਿਹਨਤ ਦੇ ਨਾਲ ਲੋਕਾਂ ਨੇ ਪੱਧਰਾ ਕੀਤਾ ਤਾਂ ਉਸ ਨੂੰ ਪੰਚਾਇਤੀ ਜ਼ਮੀਨ ਵਿੱਚ ਪਾ ਦਿੱਤਾ ਗਿਆ।