ਲੁਧਿਆਣਾ: ਸ਼ਹਿਰ ਦੇ ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਉਸ ਨੇ 346 ਕਿਲੋ ਵਜ਼ਨ ਚੁੱਕ ਕੇ ਪੰਜਾਬ ਦੇ ਨਾਲ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਵਿਕਾਸ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਜਿੱਤ ਚੁੱਕੇ ਹਨ।
ਰਾਸ਼ਟਰਮੰਡਲ ਖੇਡਾਂ 'ਚ ਲਗਾਤਾਰ ਤਿੰਨ ਵਾਰ ਜਿੱਤਿਆ ਮੈਡਲ:ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ 'ਚ ਲਗਾਤਾਰ ਤਿੰਨ ਵਾਰ ਮੈਡਲ ਜਿਤ ਕੇ ਇਤਿਹਾਸ ਰਚਿਆ ਹੈ। ਇਸ ਵਕਤ ਵਿਕਾਸ ਭਾਰਤੀ ਹਵਾਈ ਫੌਜ ਵਿੱਚ ਨੌਕਰੀ ਕਰ ਰਹੇ ਹਨ। ਇਸ ਦੇ ਨਾਲ-ਨਾਲ ਦੇਸ਼ ਲਈ ਖੇਡ ਰਹੇ ਹਨ। ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਠਾਕੁਰ ਦਾ ਇਹ ਦੂਜਾ ਚਾਂਦੀ ਦਾ ਤਗ਼ਮਾ ਹੈ। ਉਹ 2014 ਦੀਆਂ ਗਲਾਸਗੋ ਖੇਡਾਂ ਵਿੱਚ ਵੀ ਦੂਜੇ ਸਥਾਨ 'ਤੇ ਰਿਹਾ ਸੀ, ਜਦਕਿ ਉਸਨੇ ਗੋਲਡ ਕੋਸਟ ਵਿੱਚ 2018 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਮੂਸੇਵਾਲਾ ਅੰਦਾਜ 'ਚ ਖੁਸ਼ੀ ਮਨਾਈ: ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਜਿੱਤਣ ਵਾਲੇ ਵੇਟ ਲਿਫਟਰ ਵਿਕਾਸ ਠਾਕੁਰ, ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਮਗਾ ਸਮਾਰੋਹ ਦੌਰਾਨ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ 'ਚ ਪੱਟ 'ਤੇ ਥਾਪੀ ਮਾਰ ਕੇ ਜਿੱਤ ਦਾ ਜਸ਼ਨ ਮਨਾਇਆ।
ਮੂਸੇਵਾਲਾ ਦੀ ਮੌਤ ਤੋਂ ਬਾਅਦ ਤਿੰਨ ਦਿਨ ਤੱਕ ਖਾਣਾ ਨਹੀਂ ਖਾਧਾ: ਵਿਕਾਸ ਠਾਕੁਰ ਦੇ ਪਿਤਾ ਬ੍ਰਿਜਰਤ ਨੇ ਦੱਸਿਆ ਕਿ ਵਿਕਾਸ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ। ਉਹ ਮੂਸੇਵਾਲਾ ਦੇ ਗੀਤਾਂ ਨੂੰ ਹੀ ਜ਼ਿਆਦਾ ਸੁਣਦਾ ਰਿਹਾ ਹੈ। ਜਿਸ ਦਿਨ ਮੂਸੇਵਾਲਾ ਦਾ ਕਤਲ ਹੋਇਆ, ਉਹ ਬਹੁਤ ਨਿਰਾਸ਼ ਸੀ ਅਤੇ ਘੱਟੋ-ਘੱਟ 3 ਦਿਨ ਤੱਕ ਉਸ ਨੇ ਖਾਣਾ ਵੀ ਨਹੀਂ ਖਾਧਾ। ਅੱਜ ਵੀ ਜਦੋਂ ਵਿਕਾਸ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ ਤਾਂ ਉਸ ਨੇ ਮੂਸੇਵਾਲਾ ਦੇ ਅੰਦਾਜ਼ 'ਚ ਪੱਟ 'ਤੇ ਥਾਪੀ ਮਾਰ ਕੇ ਇਸ ਜਿੱਤ ਦਾ ਜਸ਼ਨ ਮਨਾਇਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁੱਧਿਆਣਾ ਦੇ ਰਹਿਣ ਵਾਲੇ ਵਿਕਾਸ ਠਾਕੁਰ ਨੂੰ ਵਧਾਈ ਦਿੱਤੀ ਹੈ। ਟਵੀਟ ਵਿੱਚ ਲਿਖਿਆ ਕਿ, ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਤਮਗਾ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ…96 ਕਿਲੋ ਵੇਟ ਲਿਫਟਿੰਗ ਦੇ ਮੁਕਾਬਲੇ ‘ਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346kg ਭਾਰ ਚੁੱਕਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ…ਬਹੁਤ-ਬਹੁਤ ਵਧਾਈਆਂ… ਮਿਹਨਤ ਜਾਰੀ ਰੱਖੋ…ਭਵਿੱਖ ਲਈ ਸ਼ੁਭਕਾਮਨਾਵਾਂ…ਸ਼ਾਬਾਸ਼ ਚੱਕਦੇ ਇੰਡੀਆ…!"
ਮਾਂ ਨੂੰ ਜਨਮਦਿਨ ਦਾ ਤੋਹਫ਼ਾ:ਉੱਥੇ ਹੀ, ਉਸ ਦੀ ਮਾਤਾ ਆਸ਼ਾ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦਾ ਕੱਲ੍ਹ ਜਨਮ ਦਿਨ ਸੀ। ਜਦੋਂ ਵਿਕਾਸ ਦੀ ਕਾਲ ਆਈ, ਤਾਂ ਉਸ ਨੇ ਦੱਸਿਆ ਕਿ ਮਾਂ ਤੁਹਾਡੇ ਜਨਮ ਦਿਨ ਦਾ ਤੋਹਫ਼ਾ ਸਿਲਵਰ ਮੈਡਲ ਹੈ, ਤਾਂ ਉਨ੍ਹਾਂ ਦੇ ਖੁਸ਼ੀ ਨਾਲ ਹੰਝੂ ਨਹੀਂ ਰੁਕ ਰਹੇ। ਉਨ੍ਹਾਂ ਕਿਹਾ ਕਿ ਬੇਟੇ ਦਾ ਹੁਣ ਉਨ੍ਹਾਂ ਨੇ ਵਿਆਹ ਕਰਨਾ ਹੈ। ਉਸ ਦੀ ਵੀ ਤਿਆਰੀ ਕਰ ਰਹੇ ਹਨ। ਉਧਰ ਵਿਕਾਸ ਦੀ ਭੈਣ ਅਵਿਲਾਸ਼ਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਉਨ੍ਹਾਂ ਦੇ ਭਰਾ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।