ਲੁਧਿਆਣਾ : ਹੱਡ ਭੰਨਵੀਂ ਮਿਹਨਤ ਤੋਂ ਬਾਅਦ ਦੇਸ਼ ਵਾਸੀਆਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਦੀ ਹਾਲਤ ਕਾਫੀ ਬੁਰੀ ਜਾਪਦੀ ਹੈ ਕਿਉਂਕਿ ਕਿਸਾਨਾਂ ਨੂੰ ਕੋਈ ਸਹੂਲਤਾਂ ਦੇਣ ਵਿੱਚ ਸਰਕਾਰਾਂ ਸੰਜੀਦਗੀ ਨਹੀਂ ਦਿਖਾਉਂਦੀਆਂ। ਉੱਥੇ ਹੀ ਸਰਕਾਰੀ ਮਹਿਕਮਿਆਂ ਦੀਆਂ ਲਾਪ੍ਰਵਾਹੀਆਂ ਕਾਰਨ ਭਾਰੀ ਆਰਥਿਕ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹਾ ਹੀ ਕੁਝ ਰਾਏਕੋਟ ਦੇ ਪਿੰਡ ਬਰ੍ਹਮੀ ਦੇ 4-5 ਕਿਸਾਨਾਂ ਨਾਲ ਹੋਇਆ ਹੈ, ਜਿਥੇ ਪਾਵਰਕਾਮ ਰਾਏਕੋਟ ਵੱਲੋਂ ਖੇਤੀ ਸੈਕਟਰ ਦੀ ਢੁੱਕਵੀਂ ਬਿਜਲੀ ਸਪਲਾਈ ਨਾ ਦੇਣ ਕਾਰਨ ਪਹਿਲਾਂ ਪਾਣੀ ਦੀ ਕਿੱਲਤ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਬੀਜੀ ਝੋਨੇ ਦੀ ਫਸਲ ਸੁੱਕ ਗਈ ਹੈ ਅਤੇ ਜ਼ਮੀਨ ਵਿੱਚ ਤਰੇੜਾਂ ਪੈ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਪੁੱਤਰ ਨਛੱਤਰ ਸਿੰਘ, ਸੁਖਮਿੰਦਰ ਸਿੰਘ ਬਰਮੀ, ਜਸਬੀਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਰਾਏਕੋਟ ਵੱਲੋਂ ਉਨ੍ਹਾਂ ਦੇ ਪਿੰਡ ਖੇਤੀ ਸੈਕਟਰ ਵਾਲੀ ਬਿਜਲੀ ਸਪਲਾਈ ਅੱਠ ਘੰਟੇ ਨਿਰਵਿਘਨ ਦੇਣ ਦੀ ਬਜਾਏ ਟੁੱਟਵੀਂ ਦਿੱਤੀ ਜਾਂਦੀ ਹੈ। ਜੋ ਮਸਾਂ 5-6 ਘੰਟੇ ਹੀ ਆਉਂਦੀ ਹੈ। ਜਿਸ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਦੀ ਕਿੱਲਤ ਪੈਦਾ ਹੋਣ ਕਾਰਨ ਬੀਜੀ ਝੋਨੇ ਦੀ ਫਸਲ ਸੁੱਕ ਗਈ ਅਤੇ ਜ਼ਮੀਨ 'ਚ ਤਰੇੜਾਂ ਪੈ ਗਈਆਂ।