ਲੁਧਿਆਣਾ: ਜ਼ਿਲ੍ਹੇ ਦੀ ਆਬੋ ਹਵਾ ਦੇ ਨਾਲ ਪੀਣ ਵਾਲਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਜੁਲਾਈ ਮਹੀਨੇ ਵਿੱਚ ਸਿਹਤ ਮਹਿਕਮੇ ਵੱਲੋਂ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੋਂ ਲਏ ਗਏ ਪਾਣੀ ਦੇ 89 ਸੈਂਪਲਾਂ ਚੋਂ 49 ਸੈਂਪਲ ਫੇਲ੍ਹ ਮਿਲੇ ਹਨ। ਭਾਵ ਕੇ ਲੁਧਿਆਣਾ ਵਿੱਚ ਪੀਣ ਵਾਲੇ ਪਾਣੀ ਦੇ 55 ਫ਼ੀਸਦੀ ਸੈਂਪਲ ਫੇਲ ਪਾਏ ਗਏ ਹਨ। ਸਿਹਤ ਮਹਿਕਮੇ ਨੇ ਇਹ ਰਿਪੋਰਟ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਦੇ ਨਾਲ ਲੁਧਿਆਣਾ ਨਗਰ ਨਿਗਮ ਅਤੇ ਜਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਦਿੱਤੀ ਹੈ ਜਿਸ ਨੂੰ ਲੈਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਲੁਧਿਆਣਾ ਦੀ ਸਿਵਲ ਸਰਜਨ ਡਾਕਟਰ ਹਿਤਿੰਦਰ ਕੌਰ ਨੇ ਕੀਤੀ ਹੈ। ਉਨ੍ਹਾਂ ਨੇ ਫੋਨ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ ਸਿਹਤ ਮਹਿਕਮੇ ਵੱਲੋਂ ਹਰ ਮਹੀਨੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਜਾਂਦੇ ਹਨ ਅਤੇ ਜਿਥੋਂ ਪਾਣੀ ਦੇ ਸੈਂਪਲ ਫੇਲ੍ਹ ਆਉਂਦੇ ਹਨ, ਉਨ੍ਹਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ।
ਪਾਣੀ ਦੇ ਸੈਂਪਲ ਫੇਲ੍ਹ: ਜੁਲਾਈ 2023 'ਚ ਲਏ ਗਏ ਸੈਂਪਲਾਂ ਦੇ ਰਿਪੋਰਟ ਦੇ ਮੁਤਾਬਿਕ ਸ਼ਹਿਰਾਂ ਚੋਂ ਕੁੱਲ 43 ਨਮੂਨੇ ਪੀਣ ਵਾਲੇ ਪਾਣੀ ਦੇ ਲਏ ਗਏ ਸਨ, ਜਿਨ੍ਹਾਂ ਚੋਂ 30 ਸੈਂਪਲ ਫੇਲ੍ਹ ਪਾਏ ਗਏ ਹਨ। ਭਾਵ ਕਿ ਉਹ ਪਾਣੀ ਪੀਣ ਲਾਇਕ ਨਹੀਂ ਸੀ। ਇਹ ਨਮੂਨੇ ਪ੍ਰਤਾਪ ਵਾਲਾ, ਮਾਛੀਵਾੜਾ, ਕ੍ਰਿਸ਼ਨਪੁਰੀ ਅਤੇ ਕੁੰਦਨਪੁਰੀ ਦੇ ਨਾਲ ਗਿਆਸਪੁਰਾ ਅਤੇ ਹੋਰਨਾਂ ਇਲਾਕਿਆਂ ਤੋਂ ਲਏ ਗਏ ਸਨ। ਇਸੇ ਤਰ੍ਹਾਂ 13 ਸੈਂਪਲ ਸਿੱਧਵਾਂ ਬੇਟ, ਜਗਰਾਓਂ, ਪਾਇਲ ਦੇ ਸਕੂਲਾਂ ਦੇ ਵੀ ਫੇਲ ਪਾਏ ਗਏ ਹਨ ਜਿਸ ਬਾਰੇ ਸਿਹਤ ਮਹਿਕਮੇ ਨੇ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਢੋਕਾ ਮੁਹੱਲਾ, ਬਸੰਤ ਨਗਰ, ਜਨਤਾ ਨਗਰ, ਸ਼ਿਮਲਾਪੁਰੀ ਅਤੇ ਗਿਆਸਪੁਰਾ ਦੇ ਪਾਣੀ ਦੇ ਸੈਂਪਲ ਵੀ ਪੀਣ ਲਾਇਕ ਨਹੀਂ ਹਨ।
ਸਿਹਤ ਮਹਿਕਮੇ ਦੀ ਕਾਰਵਾਈ:ਸਿਹਤ ਮਹਿਕਮੇ ਵੱਲੋਂ ਹਰ ਮਹੀਨੇ ਹੀ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਜਾਂਦੇ ਹਨ। ਸਿਵਲ ਸਰਜਨ ਨੇ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਆਪਣੀ ਜਾਂਚ ਦੇ ਮੁਤਾਬਿਕ ਅਤੇ ਸਥਾਨਕ ਵਾਸੀਆਂ ਦੀ ਸ਼ਿਕਾਇਤ ਦੇ ਅਧਾਰ ਉੱਤੇ ਸੈਂਪਲ ਲੈਂਦੇ ਹਨ। ਇਸੇ ਤਰ੍ਹਾਂ ਜੂਨ ਮਹੀਨੇ ਵਿੱਚ ਵੀ ਸਿਹਤ ਮਹਿਕਮੇ ਵੱਲੋਂ ਲਏ ਗਏ 69 ਵਿੱਚੋ 16 ਸੈਂਪਲ ਫੇਲ੍ਹ ਪਾਏ ਗਏ ਸਨ, ਜਦਕਿ ਮਈ ਮਹੀਨੇ ਵਿੱਚ 80 ਸੈਂਪਲਾਂ ਦੇ ਵਿੱਚੋਂ 17 ਸੈਂਪਲ ਫੇਲ੍ਹ ਪਾਏ ਗਏ। ਹਾਲਾਂਕਿ, ਜੁਲਾਈ ਮਹੀਨੇ ਦੇ ਵਿੱਚ ਸੈਂਪਲ ਹੋਣ ਦੀ ਦਰ 55 ਫੀਸਦੀ ਪਹੁੰਚਣ ਦਾ ਕਾਰਨ ਹੜ੍ਹ ਬਾਰੇ ਜਦੋਂ ਸਿਵਲ ਸਰਜਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਰ ਸੈਂਪਲ ਫੇਲ੍ਹ ਹੋਣ ਦਾ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਮਹੀਨੇ ਹੀ ਚੈਕਿੰਗ ਕਰਦੇ ਹਾਂ। ਜੇਕਰ ਸਕੂਲਾਂ ਦੇ ਸੈਂਪਲ ਫੇਲ੍ਹ ਆਉਣ, ਤਾਂ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਨਗਰ ਨਿਗਮ ਜਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਵੀ ਅਸੀਂ ਜਾਣਕਾਰੀ ਸਾਂਝੀ ਕਰਦੇ ਹਨ।