ਪਿੰਡ ਮਾਂਗਟ ਵਿੱਚ ਗੰਦੇ ਪਾਣੀ ਨੇ ਜੀਣਾ ਕੀਤਾ ਮੁਹਾਲ ਲੁਧਿਆਣਾ:ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਮਾਂਗਟ ਵਿੱਚ ਲੋਕ ਗੰਦੇ ਪਾਣੀ ਤੋਂ ਪ੍ਰੇਸ਼ਾਨ ਹਨ। ਪਿੰਡ ਦੇ ਲੋਕਾਂ ਨੇ ਨੇੜੇ ਤੇੜੇ ਲੱਗੀਆਂ ਫੈਕਟਰੀਆਂ ਨੂੰ ਇਸ ਲਈ ਜਿੰਮੇਵਾਰ ਦੱਸਿਆ। ਪਿੰਡ ਵਾਸੀਆਂ ਨੇ ਬਕਾਇਦਾ ਇਸ ਦੀ ਇੱਕ ਵੀਡਿਓ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਵਿੱਚ ਲੱਗੇ ਟਿਊਬਵੈੱਲ ਤੋਂ ਕਾਲਾ ਪਾਣੀ ਨਿਕਲ ਰਿਹਾ ਹੈ।
ਪਿੰਡ ਦੇ ਲੋਕਾਂ ਦੇ ਮੁਤਾਬਕ ਇਲਾਕੇ ਵਿੱਚ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਫੈਲ ਰਹੀਆਂ ਹਨ। ਪਿੰਡ ਦੇ ਲੋਕਾਂ ਨੇ ਹੁਣ ਮੋਰਚਾ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਪੀਏਸੀ ਪਬਲਿਕ ਐਕਸ਼ਨ ਕਮੇਟੀ ਨੇ ਵੀ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਨੂੰ ਗੰਭੀਰ ਮੁੱਦਾ ਦੱਸਿਆ। ਇਸ ਪਿੰਡ ਦੇ ਨੇੜੇ ਤੇੜੇ ਕੱਪੜੇ ਰੰਗਣ ਵਾਲਿਆਂ ਫੈਕਟਰੀਆਂ ਨੇ ਪਿੰਡ ਦੇ ਬਿਲਕੁੱਲ ਨਾਲ ਹੀ ਕੱਪੜੇ ਦੀ ਫੈਕਟਰੀ ਹੈ ਜਿਸ ਨੂੰ ਪਿੰਡ ਵਾਸੀਆਂ ਨੇ ਜਿੰਮੇਵਾਰ ਦੱਸਿਆ ਹੈ।
ਪਿੰਡ ਵਾਸੀਆਂ ਨੇ ਖੋਲ੍ਹਿਆ ਮੋਰਚਾ:ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਪਿੰਡ ਵਿੱਚ ਇਹ ਹਾਲਾਤ ਫੈਕਟਰੀ ਲੱਗਣ ਤੋਂ ਬਾਅਦ ਬਣਨ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਬੋਰਵੈੱਲ ਵਿੱਚੋਂ ਕਾਲਾ ਪਾਣੀ ਨਿਕਲ ਰਿਹਾ ਹੈ, ਜੋ ਕਿ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਪਿੰਡ ਦੇ ਲੋਕਾਂ ਨੇ (dying factory water in ludhiana) ਦੱਸਿਆ ਕਿ ਇਹ ਸਭ ਨੇੜੇ ਲੱਗੀ ਫੈਕਟਰੀ ਕਾਰਨ ਹੋ ਰਿਹਾ ਹੈ, ਜੋ ਕਿ ਗੰਦਾ ਪਾਣੀ ਸਿੱਧਾ ਜ਼ਮੀਨ ਵਿੱਚ ਪਾ ਰਹੇ ਹਨ। ਪਿੰਡ ਵਾਸੀਆਂ ਨੇ ਵੱਡਾ ਇਕੱਠ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਦਾ ਕੋਈ ਹੱਲ ਨਾ ਕੀਤਾ, ਤਾਂ ਉਹ ਪੱਕਾ ਮੋਰਚਾ ਖੋਲ੍ਹ ਦੇਣਗੇ।
ਕੀ ਕਹਿੰਦੇ ਨੇ ਕੈਂਸਰ ਮਰੀਜਾਂ ਦੇ ਅੰਕੜੇ ਪੀਏਸੀ ਐਕਸ਼ਨ 'ਚ: ਪਬਲਿਕ ਐਕਸ਼ਨ ਕਮੇਟੀ ਵੱਲੋਂ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਵੱਡਾ ਐਕਸ਼ਨ ਲਿਆ ਗਿਆ ਸੀ। ਇਸ ਵਿੱਚ ਉਨ੍ਹਾਂ ਵੱਲੋਂ ਜਿੱਤ ਵੀ ਪ੍ਰਾਪਤ ਕੀਤੀ ਗਈ ਸੀ। ਪੀਏਸੀ ਦੇ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ 'ਇਹ ਬਹੁਤ ਹੀ ਗੰਭੀਰ ਵਿਸ਼ਾ, ਜੇਕਰ ਫੈਕਟਰੀ ਵੱਲੋਂ ਹੁਣ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਹੈ, ਤਾਂ ਇਨ੍ਹਾਂ ਨੇ ਪਹਿਲਾਂ ਕਿਉਂ ਨਹੀਂ ਲਗਾਇਆ ਗਿਆ, ਜੇਕਰ ਧਰਤੀ ਹੇਠਾਂ ਤੋਂ ਪਾਣੀ ਗੰਦਾ ਨਿਕਲ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਹੇਠਾਂ ਪਾਣੀ ਗੰਦਾ ਹੋ ਚੁੱਕਾ ਹੈ। ਜਦੋਂ ਤੱਕ ਇਹ ਸਾਰਾ ਪਾਣੀ ਬਾਹਰ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਇਸ ਦਾ ਹੱਲ ਨਹੀਂ ਹੋ ਸਕਦਾ।'
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਬਕਾਇਦਾ ਇੱਕ ਕਮੇਟੀ ਦਾ ਗਠਨ ਕਰਕੇ ਨਾ ਸਿਰਫ ਫੈਕਟਰੀ ਦੇ ਅੰਦਰ ਆਡਿਟ ਕਰਨਾ ਚਾਹੀਦਾ ਹੈ। ਇਸ ਦੇ ਸੈਂਪਲ ਲੈਣੇ ਚਾਹੀਦੇ ਹਨ ਜਿਸ ਤੋਂ ਬਾਅਦ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਫੈਕਟਰੀ ਵੱਲੋਂ ਟਰੀਟਮੈਂਟ ਪਲਾਂਟ ਲਗਾਇਆ ਗਿਆ ਹੈ, ਤਾਂ ਉਹ ਕਿਸ ਲੈਵਲ ਦਾ ਹੈ ਉਹ ਚੱਲ ਵੀ ਰਿਹਾ ਹੈ ਜਾਂ ਨਹੀਂ, ਇਸ ਦੀ ਵੀ ਜਾਂਚ ਹੋਣੀ ਲਾਜ਼ਮੀ ਹੈ।
ਪੰਜਾਬ ਦੇ ਪਾਣੀਆਂ 'ਤੇ ਮਾਰ:ਪੰਜਾਬ ਦੇ ਅੰਦਰ ਧਰਤੀ ਹੇਠਲਾ ਪਾਣੀ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੀ ਵੱਡੀ ਉਦਾਹਰਨ ਹਾਲ ਹੀ ਦੇ ਵਿੱਚ ਫਿਰੋਜ਼ਪੁਰ ਦੇ ਜੀਰਾ ਵਿੱਚ ਸਥਿਤ ਸ਼ਰਾਬ ਫੈਕਟਰੀ ਦੇ ਸੈਂਪਲਾਂ ਤੋਂ ਹੋਏ ਖੁਲਾਸੇ ਹਨ। ਜਿਨ੍ਹਾਂ ਇਲਾਕਿਆਂ ਵਿੱਚ ਫੈਕਟਰੀਆਂ ਲੱਗੀਆਂ ਹਨ, ਜਦੋਂ ਤੱਕ ਉਨ੍ਹਾਂ ਵਿੱਚ ਜ਼ੀਰੋ ਇਫੈਕਟ ਜ਼ੀਰੋ ਡਿਫੈਕਟ ਪਾਲਸੀ ਨਹੀਂ ਅਪਨਾਈ ਜਾਂਦੀ, ਉਦੋਂ ਤੱਕ ਪਾਣੀ ਖਰਾਬ ਹੋਣਾ ਤੈਅ ਹੈ। ਕਿਸੇ ਦਾ ਫੈਕਟਰੀ ਦੇ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮਾਂ ਵੱਲੋਂ ਲੈ ਕੇ ਸੈਂਪਲਾਂ ਵਿੱਚ ਖੁਲਾਸਾ ਹੋਇਆ ਕਿ 12 ਬੋਰਵੈਲ ਵਿੱਚ ਪੰਜਾਬ ਅੰਦਰ ਕਾਲਾ ਪਾਣੀ ਨਿਕਲਿਆ ਸੀ ਜਿਸ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ 24 ਜੁਲਾਈ 2022 ਵਿੱਚ ਮੋਰਚਾ ਖੋਲ੍ਹਿਆ ਗਿਆ ਸੀ।
ਪੰਜਾਬ ਵਿੱਚ ਜ਼ਿਲ੍ਹੇਵਾਰ ਕੈਂਸਰ ਦੇ ਮਾਮਲੇ 177 ਦਿਨ ਲਗਾਤਾਰ ਚੱਲੇ ਇਸ ਮੋਰਚੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਫੈਕਟਰੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। 2006 ਵਿੱਚ ਇਹ ਫੈਕਟਰੀ ਸ਼ੁਰੂ ਕੀਤੀ ਗਈ ਸੀ। ਇਲਾਕੇ ਦੇ ਵਿੱਚ ਕੈਂਸਰ ਕਾਲਾ ਪੀਲੀਆ ਵਰਗੀ ਬਿਮਾਰੀਆਂ ਫੈਲ ਰਹੀਆਂ ਸਨ ਜਿਸ ਕਰਕੇ ਕਿਸਾਨਾਂ ਵੱਲੋਂ ਇਸ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਸੀ।
ਪੰਜਾਬ ਵਿੱਚ ਕੈਂਸਰ ਦੇ ਹਾਲਾਤ:ਪੰਜਾਬ ਵਿੱਚ ਹਰ ਸਾਲ ਕੈਂਸਰ ਦੇ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਹੈ। ਜੇਕਰ ਗੱਲ ਸਾਲ 2013 ਤੋਂ ਲੈ ਕੇ ਸਾਲ 2022 ਤੱਕ ਦੀ ਕੀਤੀ ਜਾਵੇ, ਤਾਂ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਕੈਂਸਰ ਪੈਦਾ ਹੋਇਆ ਹੈ। ਜੇਕਰ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ, ਤਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਸਾਲ 2013 ਦੇ ਵਿੱਚ ਜਿੱਥੇ ਇਕੱਲੇ ਲੁਧਿਆਣਾ ਵਿੱਚ 520 ਕੈਂਸਰ ਦੇ ਮਾਮਲੇ ਆਏ। ਬਠਿੰਡਾ ਤੋਂ ਰਾਜਸਥਾਨ ਜਾਣ ਵਾਲੀ ਟਰੇਨ ਦਾ ਨਾਂ ਹੀ ਕੈਂਸਰ ਟਰੇਨ ਰੱਖ ਦਿੱਤਾ ਗਿਆ ਸੀ।
ਪਿਛਲੇ ਸਾਲਾਂ ਵਿੱਚ ਕੈਂਸਰ ਦੇ ਵਧ ਰਹੇ ਕਹਿਰ ਉੱਤੇ ਲਗਾਤਾਰ ਖੋਜਾਂ ਹੁੰਦੀਆਂ ਰਹੀਆਂ ਹਨ। ਐਡਵਾਂਸ ਕੈਂਸਰ ਹਸਪਤਾਲ ਵੱਲੋਂ ਜਾਰੀ ਕੀਤੇ ਡਾਟਾ ਮੁਤਾਬਕ ਸਿਰਫ਼ ਬਠਿੰਡਾ ਜਾਂ ਫਿਰ ਮਾਲਵਾ ਬੈਲਟ ਵਿੱਚ ਹੀ ਕੈਂਸਰ ਦੇ ਮਰੀਜ਼ ਨਹੀਂ, ਸਗੋਂ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਇਸ ਦੀ ਮਾਰ ਪੈ ਰਹੀ ਹੈ। ਦਰਅਸਲ ਸਤਲੁਜ ਦਰਿਆ ਲੁਧਿਆਣਾ ਤੋਂ ਹੁੰਦਾ ਹੋਇਆ ਹਰੀਕੇ ਪੱਤਣ ਫਿਰ ਰਾਜਸਥਾਨ ਜਾਂਦਾ ਹੈ, ਜਿੱਥੇ ਇਹ ਕੈਂਸਰ ਅਤੇ ਹੋਰਨਾਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ।
ਸਿਰਫ਼ ਇੱਕ ਕੈਂਸਰ ਹਸਪਤਾਲ ਦੇ ਡਾਟਾ ਦੇ ਮੁਤਾਬਕ 2016 ਵਿੱਚ ਲਗਭਗ 6,233 ਕੈਂਸਰ ਦੇ ਮਰੀਜ਼ ਓਪੀਡੀ ਵਿੱਚ ਆਪਣਾ ਇਲਾਜ ਕਰਵਾਉਣ ਆਏ ਸਨ, ਜਦਕਿ ਇਸ ਤੋਂ ਬਾਅਦ ਲਗਾਤਾਰ ਇਸ ਦੀ ਗਿਣਤੀ ਵਧਦੀ ਗਈ 2016 ਤੋਂ ਲੈ ਕੇ 2018 ਤੱਕ 14,802 ਮਰੀਜ਼, 2018 ਤੋਂ ਲੈ ਕੇ 2019 ਤੱਕ 18,616 ਮਰੀਜ਼ ਅਤੇ 2020 ਤੋਂ ਬਾਅਦ 30,768 ਲੋਕ ਆਪਣਾ ਕੈਂਸਰ ਦਾ ਇਲਾਜ ਕਰਵਾਉਣ ਲਈ ਹਸਪਤਾਲਾਂ ਵਿੱਚ ਪਹੁੰਚ ਚੁੱਕੇ ਹਨ।
ਫੈਕਟਰੀ ਮਾਲਕ ਅਤੇ ਐਮਐਲਏ ਦੀ ਪ੍ਰਤੀਕਿਰਿਆ:ਮਾਂਗਟ ਪਿੰਡ ਵਿੱਚ ਬਣ ਰਹੇ ਅਜਿਹੇ ਹਾਲਾਤਾਂ ਸਬੰਧੀ ਜਦੋਂ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੇ ਇਸ ਤਰ੍ਹਾਂ ਦਾ ਕੋਈ ਮੋਰਚਾ ਖੋਲ੍ਹਿਆ ਹੈ। ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਜੇਕਰ ਅਜਿਹਾ ਕੁਝ ਹੈ, ਤਾਂ ਅਸੀਂ ਜਰੂਰ ਐਕਸ਼ਨ ਲਵਾਂਗੇ। ਦੂਜੇ ਪਾਸੇ ਫੈਕਟਰੀ ਦੇ ਮਾਲਿਕ ਨੇ ਕਿਹਾ ਕਿ ਸਾਡੀ ਫੈਕਟਰੀ ਵਿੱਚ ਟਰੀਟਮੈਂਟ ਪਲਾਂਟ ਲੱਗਿਆ ਹੋਇਆ ਹੈ। ਉਨ੍ਹਾਂ ਨੇ 1 ਸਾਲ ਪਹਿਲਾਂ ਹੀ ਟਰੀਟਮੈਂਟ ਪਲਾਂਟ ਨੂੰ ਅਪਗ੍ਰੇਡ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਟਰੀਟਮੈਂਟ ਪਲਾਂਟ ਦੇ ਅਸੀਂ ਪਾਣੀ ਨਹੀਂ ਪਾਉਂਦੇ।