ਲੁਧਿਆਣਾ: ਵਿਜੀਲੈਂਸ ਵਿਭਾਗ ਵੱਲੋਂ ਅੱਜ ਦੱਖਣੀ ਤਹਿਸੀਲ ਵਿਚ ਛਾਪੇਮਾਰੀ ਕਰਕੇ ਬਿਨਾਂ ਐਨਓਸੀ ਰਜਿਸਟਰੀ ਕਰਵਾਉਣ ਦੀ ਗੱਲ ਕਹਿ ਕੇ 40 ਹਜ਼ਾਰ ਦੀ ਰਿਸ਼ਵਤ ਮੰਗਣ ਵਾਲੇ ਡੀਡ ਰਾਇਟਰ ਨੂੰ ਵਿਜੀਲੈਂਸ ਨੇ ਅੱਜ ਰੰਗੇ ਹੱਥ 20 ਹਜ਼ਾਰ ਦੀ ਰਿਸ਼ਵਤ ਲੈਂਦੇ ਕਾਬੂ ਕਰ ਲਿਆ ਹੈ, ਜਿਸ ਦੀ ਪੁਸ਼ਟੀ ਵਿਜੀਲੈਂਸ ਵਿਭਾਗ ਦੇ ਅਫਸਰਾਂ ਨੇ ਕੀਤੀ ਹੈ ਅਤੇ ਕਿਹਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ। ਵਿਜੀਲੈਂਸ ਵਿਭਾਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ 20 ਹਜ਼ਾਰ ਦੀ ਰਿਸ਼ਵਤ ਸਬੰਧੀ ਸ਼ਿਕਾਇਤ ਖੁੱਦ ਪੀੜਤ ਨੇ ਹੀ ਵਿਜੀਲੈਂਸ ਨੂੰ ਦਿੱਤੀ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਹੋ ਰਿਹਾ ਸੀ ਅਤੇ ਪਿਛਲੇ ਇੱਕ ਮਹੀਨੇ ਤੋਂ ਐੱਨਓਸੀ ਦੇ ਪ੍ਰਾਪਤੀ ਲਈ ਚੱਕਰ ਲਗਾ ਰਿਹਾ ਸੀ।
ਗਿਆਸਪੁਰਾ ਵਿੱਚ 50 ਗਜ਼ ਦਾ ਘਰ: ਪੀੜਤ ਨੇ ਦੱਸਿਆ ਕਿ ਉਸ ਦਾ ਗਿਆਸਪੁਰਾ ਵਿੱਚ 50 ਗਜ਼ ਦਾ ਘਰ ਹੈ ਅਤੇ ਉਸ ਮਕਾਨ ਦੀ ਹੀ ਉਨ੍ਹਾਂ ਵਲੋਂ ਰਜਿਸਟਰੀ ਕਰਵਾਉਣੀ ਸੀ, ਜਿਸ ਨੂੰ ਲੈਕੇ 40 ਹਜ਼ਾਰ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਤਹਿਸੀਲ ਦੱਖਣੀ ਵਿੱਚ ਉਸ ਦਾ ਘਰ ਪੈਂਦਾ ਹੈ ਅਤੇ ਤਹਿਸੀਲਦਾਰ ਮਲੂਕ ਸਿੰਘ ਹੈ ਅਤੇ ਉਸ ਦਾ ਰੀਡਰ ਵਿਨੀਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਕ ਮਹੀਨੇ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ 40 ਹਜ਼ਾਰ ਰੁਪਏ ਵਿੱਚ ਗੱਲ ਤੈਅ ਹੋਈ ਸੀ ਅਤੇ ਇਸ ਸਬੰਧੀ ਉਨ੍ਹਾਂ ਵਿਜੀਲੈਂਸ ਨੂੰ ਜਾਣਕਾਰੀ ਦਿੱਤੀ ਅਤੇ ਅਫ਼ਸਰਾਂ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਉੱਥੇ ਹੀ ਵਿਜੀਲੈਂਸ ਅਧਿਕਾਰੀ ਜੋਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਲੈਕੇ ਗਏ ਉਨ੍ਹਾਂ ਨੇ ਬਹੁਤਾ ਕੁੱਝ ਤਾਂ ਨਹੀਂ ਕਿਹਾ ਸਿਰਫ ਇਹੀ ਕਿਹਾ ਕਿ ਡੀਡ ਰਾਇਟਰ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ 20 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ, ਉਨ੍ਹਾ ਨੂੰ ਜਦੋਂ ਪੁੱਛਿਆ ਗਿਆ ਕਿ ਪਹਿਲਾਂ ਕਿੰਨੀਆਂ ਰਜਿਸਟਰੀਆਂ ਕਰਵਾਈਆਂ ਨੇ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਹਾਲੇ ਕੁਝ ਨਹੀਂ ਕਹਿ ਸਕਦਾ।