ਲੁਧਿਆਣਾ:ਜ਼ਿਲ੍ਹਾ ਕਚਹਿਰੀ ਦੇ ਬਾਹਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪਤੀ ਪਤਨੀ ਲੜਦੇ ਨਜ਼ਰ ਆਏ। ਇਸ ਦੌਰਾਨ ਪਤੀ ਆਪਣੀ ਪਤਨੀ ਨੂੰ ਸਹੁਰੇ ਤੋਂ ਖਿੱਚਦਾ ਹੋਇਆ ਵਿਖਾਈ ਦਿੱਤਾ ਅਤੇ ਜੰਮ ਕੇ ਦੋਵਾਂ ਧਿਰਾਂ ਵਿਚਾਲੇ ਖਿੱਚ ਧੂਹ ਹੋਈ। ਇਸ ਦੌਰਾਨ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਅਤੇ ਜਮ ਕੇ ਹੰਗਾਮਾ ਹੋਇਆ। ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਮਹਿਲਾ ਨੇ ਆ ਕੇ ਆਪਣੇ ਪਤੀ 'ਤੇ ਇਲਜ਼ਾਮ ਲਗਾਏ ਕੇ ਉਹਨਾਂ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਪਿਛਲੇ ਦੋ ਸਾਲ ਤੋਂ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਪਰ ਉਸ ਦਾ ਪਤੀ ਉਸ ਨੂੰ ਤਲਾਕ ਨਹੀਂ ਦੇ ਰਿਹਾ, ਜਦੋਂ ਵੀ ਉਹ ਤਰੀਕ 'ਤੇ ਆਉਂਦੀ ਹੈ ਤਾਂ ਇਸੇ ਤਰ੍ਹਾਂ ਹੰਗਾਮਾ ਕਰਦਾ ਹੈ। ਹਾਲਾਂਕਿ ਜਦੋਂ ਮੀਡੀਆ ਵੱਲੋਂ ਪਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਥੋਂ ਮੀਡੀਆ ਦਾ ਕੈਮਰਾ ਚੱਲਦਾ ਵੇਖ ਕੇ ਫਰਾਰ ਹੋ ਗਿਆ।
ਅਦਾਲਤ 'ਚ ਪਤੀ ਪਤਨੀ ਦਾ ਤਲਾਕ ਦਾ ਕੇਸ: ਇਸ ਮੌਕੇ ਪਤਨੀ ਨੇ ਕਿਹਾ ਕਿ ਅਦਾਲਤ ਦੇ ਵਿੱਚ ਸਾਡਾ ਕੇਸ ਚੱਲ ਰਿਹਾ ਹੈ, ਹਾਲੇ ਤੱਕ ਨਿਪਟਾਰਾ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਮੇਰਾ ਪਤੀ ਮੇਰੀ ਬੇਟੀ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਹੈ ਪਰ ਉਹ ਉਸ ਨਾਲ ਨਹੀਂ ਭੇਜਣਾ ਚਾਹੁੰਦੀ ਕਿਉਂਕਿ ਉਹ ਮੇਰੀ ਕੁੱਟਮਾਰ ਕਰਦਾ ਹੈ ਤਾਂ ਉਸ ਨਾਲ ਵੀ ਇਸ ਤਰ੍ਹਾਂ ਦਾ ਹੀ ਸਲੂਕ ਕਰੇਗਾ। ਉਹਨਾਂ ਕਿਹਾ ਕਿ ਅੱਜ ਅਸੀਂ ਜਦੋਂ ਤਰੀਕ 'ਤੇ ਆਏ ਤਾਂ ਜ਼ਿਲ੍ਹਾ ਅਦਾਲਤ ਦੇ ਵਿੱਚ ਅਗਲੀ ਤਰੀਕ ਪੈ ਗਈ ਪਰ ਜਦੋਂ ਉਸ ਦਾ ਪਰਿਵਾਰ ਬਾਹਰ ਆਇਆ ਤਾਂ ਉਸ ਦਾ ਪਤੀ ਜ਼ਬਰਦਸਤੀ ਉਸ ਨੂੰ ਬਾਂਹ ਫੜ ਕੇ ਖਿੱਚਣ ਲੱਗਾ।