ਲੁਧਿਆਣਾ: ਲੁਧਿਆਣਾ ਵਿਖੇ ਇੱਕ ਸੁਪਾਰੀ ਕਿਲਰ ਨੂੰ ਕਾਬੂ ਕਰਨ ਲਈ ਯੂਪੀ ਪੁਲਿਸ ਸ਼ਹਿਰ ਵਿੱਚ ਪਹੁੰਚੀ ਤਾਂ ਸਨਸਨੀ ਫੈਲ ਗਈ। ਹਰ ਪਾਸੇ ਪੁਲਿਸ ਹੀ ਪੁਲਿਸ ਦੇਖ ਕੇ ਲੋਕ ਹੈਰਾਨ ਰਹਿ ਗਏ। ਦਰਅਸਲ ਕੁਝ ਸਾਲ ਪਹਿਲਾਂ ਇੱਕ ਭਾਜਪਾ ਆਗੂ ਦੇ ਕਤਲ ਕੇਸ ਵਿੱਚ ਸਜ਼ਾ ਯਾਫਤਾ ਮੁਲਜ਼ਮ ਜੇਲ੍ਹ ਚੋਂ ਫਰਾਰ ਹੋਣ ਤੋਂ ਬਾਅਦ ਪੰਜਾਬ ਵਿੱਚ ਆਕੇ ਲੁਕਿਆ ਹੋਇਆ ਸੀ। ਜਿਸ ਦੀ ਸੂਹ ਮਿਲਦੇ ਹੀ ਯੂਪੀ ਪੁਲਿਸ ਨੇ ਲੁਧਿਆਣਾ ਪੁਲਿਸ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਤਾਂ ਪੁਲਿਸ ਨੂੰ ਸਫਲਤਾ ਹਾਸਿਲ ਹੋਈ। ਮਿਲੀ ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਅਰਵਿੰਦ ਕਸ਼ਅਪ ਨਾਂ ਦਾ ਇਹ ਮੁਲਜ਼ਮ ਸੁਪਾਰੀ ਲੈਕੇ ਕਤਲ ਕਰਦਾ ਸੀ। ਜਿਸ ਨੇ 19 ਜੁਲਾਈ 2013 'ਚ ਵਿਧਾਨ ਸਭਾ ਜਨਪਦ ਆਜ਼ਮਗੜ੍ਹ ਤੋਂ ਐਮ ਐਲ ਏ ਸਰਵੇਸ਼ ਸਿੰਘ ਸੀਪੁ ਨੂੰ ਵੀ ਕਤਲ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਪਿਛਲੇ ਹੀ ਸਾਲ ਇਸ ਨੂੰ ਸਜ਼ਾ ਵੀ ਹੋਈ ਸੀ।
ਅਦਾਲਤ ਵਲੋਂ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ: ਮੁਲਜ਼ਮ ਨੇ ਆਪਣੇ ਮੂੰਹ ਤੋਂ ਕਈ ਕਤਲ ਕਰਨ ਦੀ ਗੱਲ ਵੀ ਕਬੂਲੀ ਹੈ। ਇਸ ਮਾਮਲੇ 'ਚ 16 ਮਾਰਚ 2022 ਨੂੰ ਅਦਾਲਤ ਵਲੋਂ ਕੁਲ 8 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਦੋਂ ਕਿ ਮੁਲਜ਼ਮ ਅਰਵਿੰਦ ਕਸ਼ਅਪ ਉਸ ਸਮੇਂ ਤੋਂ ਹੀ ਫਰਾਰ ਚੱਲ ਰਿਹਾ ਸੀ।ਅਦਾਲਤ ਵਲੋਂ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਆਖਿਰਕਰ ਲੁਧਿਆਣਾ ਪੁਲਿਸ ਦੀ ਗੁਪਤ ਸੂਚਨਾ ਅਤੇ ਯੂ ਪੀ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।