ਲੁਧਿਆਣਾ: ਕਣਕ ਦੀ ਖ਼ਰਾਬ ਹੋਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਸਮੇਂ ਸਿਰ ਨਾ ਹੋਣ ਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਉਦੋਂ ਹੰਗਾਮਾ ਹੋ ਗਿਆ ਜਦੋਂ ਕਿਸਾਨਾਂ ਦੀ ਨਜ਼ਰ ਖੇਤੀਬਾੜੀ ਦਫ਼ਤਰ ਅੰਦਰ ਲੱਗੇ ਬਗੀਚੇ ਵਿੱਚ ਡੋਡਿਆਂ ਦੇ ਬੂਟਿਆਂ ਉੱਤੇ ਪਈ, ਜਿਸ ਨੂੰ ਲੈ ਕੇ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ ਅਤੇ ਕਿਹਾ ਕਿ ਖੁਦ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦੇ ਵਿੱਚ ਡੋਡਿਆਂ ਦੀ ਖੇਤੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਅਫੀਮ-ਭੁੱਕੀ ਦੀ ਖੇਤੀ ਕਰਨ ਤੋਂ ਰੋਕਿਆ ਜਾ ਰਿਹਾ ਹੈ।
150 ਦੇ ਕਰੀਬ ਡੋਡਿਆਂ ਦੇ ਬੂਟੇ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੋਈ ਇੱਕ ਦੋ ਬੂਟਾ ਹੁੰਦਾ ਤਾਂ ਉਹ ਮੰਨ ਸਕਦੇ ਸੀ ਕਿ ਇਹ ਗਲਤੀ ਨਾਲ ਆ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਬਗੀਚੇ ਦੇ ਵਿੱਚ 150 ਦੇ ਕਰੀਬ ਡੋਡਿਆਂ ਦੇ ਬੂਟੇ ਲਗਾਏ ਹੋਏ ਸਨ। ਕਿਸਾਨਾਂ ਨੇ ਖੁਦ ਇਸ ਦੀ ਸ਼ਨਾਖਤ ਕੀਤੀ ਅਤੇ ਕਿਹਾ ਕਿ ਇਹ ਡੋਡਿਆਂ ਦੇ ਬੂਟੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਖੇਤੀਬਾੜੀ ਦਫ਼ਤਰ ਵਿੱਚ ਆਪਣੇ ਖਾਣ ਲਈ ਡੋਡੇ ਲਗਾ ਜਾ ਰਹੇ ਹਨ ਤਾਂ ਕਿਸਾਨਾਂ ਨੂੰ ਇਸ ਦੀ ਖੇਤੀ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ। ਕਿਸਾਨਾਂ ਨੇ ਕਿਹਾ ਕਿ ਕੀ ਹੁਣ ਖੇਤੀਬਾੜੀ ਅਫ਼ਸਰ ਉੱਤੇ ਕਾਰਵਾਈ ਹੋਵੇਗੀ ਜਾਂ ਨਹੀਂ ? ਕਿਸਾਨਾਂ ਨੇ ਖੇਤੀਬਾੜੀ ਦਫ਼ਤਰ ਦੇ ਅਧਿਕਾਰੀਆਂ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਇਹ ਲੋਕ ਏਸੀ ਦਫ਼ਤਰਾਂ ਵਿੱਚ ਬੈਠ ਗਿਰਦਾਵਰੀ ਕਰਨ ਦੇ ਹੁਕਮ ਸੁਣਾ ਰਹੇ ਨੇ ਅਤੇ ਦੂਜੇ ਪਾਸੇ ਉਹ ਧੁੱਪ ਵਿੱਚ ਸੜ ਰਹੇ ਨੇ ਅਤੇ ਕੁਦਰਤ ਦੀ ਮਾਰ ਕਾਰਨ ਖ਼ਰਾਬ ਹੋਈ ਫਸਲ ਦਾ ਕੋਈ ਜਾਇਜ਼ਾ ਲੈਣ ਵੀ ਨਹੀਂ ਪਹੁੰਚ ਰਿਹਾ।