ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ 'ਤੇ ਜਿਥੇ ਦੀਵਾਲੀ ਦੇ ਬਾਵਜੂਦ ਕਿਸਾਨ ਲਗਾਤਾਰ ਧਰਨੇ 'ਤੇ ਡਟੇ ਹੋਏ ਹਨ ਅਤੇ ਟੋਲ ਪਲਾਜ਼ਾ ਪੂਰੀ ਤਰ੍ਹਾਂ ਮੁਫ਼ਤ ਕਰ ਰੱਖਿਆ ਹੈ, ਉੱਥੇ ਹੀ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ ਕਿਉਂਕਿ ਖੇਤੀ ਕਾਨੂੰਨਾਂ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਕੋਈ ਖ਼ੁਸ਼ੀ ਨਹੀਂ ਪਾਈ ਜਾ ਰਹੀ ਹੈ।
'ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨ ਕਾਲੀ ਦੀਵਾਲੀ ਹੀ ਮਨਾਉਣਗੇ' - ਕਿਸਾਨ ਕਾਲੀ ਦੀਵਾਲੀ ਹੀ ਮਨਾਉਣਗੇ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਜਿਥੇ ਦੀਵਾਲੀ ਦੇ ਬਾਵਜੂਦ ਕਿਸਾਨ ਲਗਾਤਾਰ ਧਰਨੇ 'ਤੇ ਡਟੇ ਹੋਏ ਹਨ, ਉੱਥੇ ਹੀ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ।
ਈਟੀਵੀ ਭਾਰਤ ਵੱਲੋਂ ਇਸ ਸਬੰਧੀ ਧਰਨੇ 'ਤੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਭਾਵੇਂ ਹਰ ਵਿਅਕਤੀ ਦੇ ਨਾਲ ਕਿਸਾਨ ਵੀ ਆਪਣੇ ਬੱਚਿਆਂ ਨਾਲ ਖ਼ੁਸ਼ੀ-ਖ਼ੁਸ਼ੀ ਮਨਾਉਣਾ ਚਾਹੁੰਦੇ ਹਨ ਪਰ ਕੇਂਦਰ ਸਰਕਾਰ ਦੇ ਲਾਗੂ ਕੀਤੇ ਕਾਲੇ ਕਾਨੂੰਨਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੀਵਾਲੀ ਵਰਗੇ ਤਿਉਹਾਰਾਂ ਤੋਂ ਵਾਂਝੇ ਕਰ ਛੱਡਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੜਕਾਂ 'ਤੇ ਧਰਨੇ ਦੇਣ ਦਾ ਕੋਈ ਚਾਅ ਨਹੀਂ ਹੈ ਸਗੋਂ ਇਹ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਹੈ ਕਿ ਉਨ੍ਹਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਕਿਸਾਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਬੱਚੇ ਅਤੇ ਔਰਤਾਂ ਤੱਕ ਸੜਕਾਂ 'ਤੇ ਸੰਘਰਸ਼ ਕਰ ਰਹੇ ਹੋਣ ਤਾਂ ਫਿਰ ਕਿਵੇਂ ਦੀਵਾਲੀ ਦੀ ਖੁਸ਼ੀ ਮਨਾਈ ਜਾ ਸਕਦੀ ਹੈ? ਜਦੋਂ ਇਹ ਕਾਨੂੰਨ ਤੁਹਾਡੀ ਰੋਜ਼ੀ-ਰੋਟੀ ਖੋਹ ਰਹੇ ਹਨ ਤਾਂ ਫਿਰ ਉਹ ਕਿਹੜੀ ਦੀਵਾਲੀ ਮਨਾਉਣ ? ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੜਕਾਂ 'ਤੇ ਹਨ ਅਤੇ ਇਸ ਵਾਰ ਕਿਸਾਨ ਇਹ ਕਾਲੇ ਝੰਡਿਆਂ ਹੇਠ ਕਾਲੀ ਦੀਵਾਲੀ ਮਨਾਈ ਜਾਵੇਗੀ।