ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੀਐੱਚਡੀ, ਐੱਮਐੱਸੀ ਡਿਗਰੀ ਹੋਲਡਰ ਵਿਦਿਆਰਥੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਵੱਖ ਵੱਖ ਢੰਗ ਅਪਣਾ ਕੇ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਕੱਲ੍ਹ ਇੱਥੇ ਵਿਦਿਆਰਥੀਆਂ ਨੇ ਪੀ ਏ ਯੂ ਗੇਟ ਨੰਬਰ ਇੱਕ ਦੇ ਬਾਹਰ ਸਬਜ਼ੀਆਂ ਵੇਚੀਆਂ ਸਨ ਉੱਥੇ ਹੀ ਅੱਜ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਬੂਟ ਪਾਲਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਸਰਕਾਰ ਦੇ ਖਿਲਾਫ਼ ਆਪਣਾ ਰੋਸ ਪ੍ਰਗਟ ਕੀਤਾ।
ਵਿਦਿਆਰਥੀਆਂ ਨੇ ਕਿਹਾ ਕਿ ਘਰਦਿਆਂ ਦੇ ਲੱਖਾਂ ਰੁਪਏ ਲਗਾ ਕੇ ਵੀ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਉਨ੍ਹਾਂ ਸਵਾਲ ਚੁੱਕਦਿਆ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਕਿਸੇ ਵੀ ਵਰਗ ਨੂੰ ਧਰਨੇ ਨਹੀਂ ਲਾਉਣੇ ਪੈਣਗੇ। ਵਿਦਿਆਰਥੀਆਂ ਨੇ ਕਿਹਾ ਕਿ ਸਿਰਫ ਗ੍ਰੈਜੂਏਸ਼ਨ ਵਾਲੇ ਵਿਦਿਆਰਥੀ ਹੀ ਨਹੀਂ ਸਗੋਂ ਪੋਸਟ ਗ੍ਰੈਜੂਏਟ ਇੱਥੋਂ ਤੱਕ ਕੇ ਪੀਐੱਚਡੀ ਹੋਲਡਰ ਵਿਦਿਆਰਥੀ ਵੀ ਅੱਜ ਬੂਟ ਪਾਲਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੂਟ ਪਾਲਿਸ਼ ਕਰਨਾ ਕੋਈ ਮਾੜਾ ਕੰਮ ਨਹੀਂ ਜੇਕਰ ਹੁਣ ਸਰਕਾਰ ਸਾਨੂੰ ਨੌਕਰੀਆਂ ਹੀ ਨਹੀਂ ਦੇਵੇਗੀ ਅਤੇ ਅਸਾਮੀਆਂ ਹੀ ਖਾਲੀ ਪਈਆਂ ਨਹੀਂ ਭਰੇਗੀ ਤਾਂ ਸਾਨੂੰ ਅਜਿਹੀ ਹੀ ਕੰਮ ਕਰਨੇ ਪੈਣਗੇ।