ਲੁਧਿਆਣਾ: ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੇ ਗੁੱਡ ਫੋਡਰੇਸ਼ਨ ਵੱਲੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਨਾਂਅ ਧੀਆਂ ਦਾ ਵਿਹੜਾ ਰੱਖਿਆ ਗਿਆ ਹੈ। ਇਸ ਦੀ ਸ਼ੁਰੂਆਤ ਸ਼ੇਰਪੁਰ ਦੇ ਇਲਾਕੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਤੋਂ ਹੋਈ ਹੈ, ਜਿਥੇ ਕਿ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਪੜ੍ਹਾਇਆ ਜਾਵੇਗਾ ਤੇ ਜਿਹੜੇ ਮਾਂ-ਬਾਪ ਫੈਕਟਰੀਆਂ ਵਿੱਚ ਕੰਮ ਕਰਨ ਜਾਂਦੇ ਹਨ, ਉਹ ਆਪਣੀਆਂ ਧੀਆਂ ਨੂੰ ਘਰ ਵਿੱਚ ਇਕੱਲਿਆਂ ਛੱਡ ਜਾਂਦੇ ਸਨ ਤੇ ਲੁਧਿਆਣਾ ਵਿੱਚ ਕੁਝ ਅਜਿਹੀਆ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਵੀ ਆਇਆ ਸਨ।
ਲੁਧਿਆਣਾ ਪੁਲਿਸ ਦੀ ਅਨੋਖੀ ਮੁਹਿੰਮ, ਵਿਹੜਾ ਧੀਆਂ ਦਾ ਕੀਤਾ ਆਗਾਜ਼ ਇਨ੍ਹਾਂ ਘਟਨਾਵਾਂ ਤੋਂ ਆਪਣੀਆਂ ਧੀਆਂ ਨੂੰ ਸੁਰੱਖਿਅਤ ਰੱਖਣ ਲਈ ਮਾਪੇ ਧੀਆਂ ਦਾ ਵਿਹੜਾ ਸਕੂਲ ਵਿੱਚ ਕੁੜੀਆਂ ਨੂੰ ਛੱਡ ਸਕਦੇ ਹਨ। ਇਸ ਦਾ ਟਾਇਮ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਦਾ ਰੱਖਿਆ ਗਿਆ ਹੈ। ਇਸ ਧੀਆਂ ਦੇ ਵਿਹੜੇ ਵਿੱਚ 26 ਕੁੜੀਆਂ ਪੜ੍ਹਦੀਆਂ ਹਨ। ਇਹ ਸਕੂਲ ਗੁੱਡ ਫੋਡਰੇਸ਼ਨ NGO ਦੀ ਮੱਦਦ ਨਾਲ ਖੋਲ੍ਹਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਸਾਂਭ-ਸੰਭਾਲ ਕਰਨ ਵਾਲੀ ਨੀਰੂ ਨੇ ਦੱਸਿਆ ਕਿ ਇਹ ਵਿਸ਼ੇਸ਼ ਉਪਰਾਲਾ ਲੁਧਿਆਣਾ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜੋ ਮਾਂ-ਬਾਪ ਫੈਕਟਰੀਆਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਅਕਸਰ ਉਨ੍ਹਾਂ ਦੇ ਬੱਚੇ ਪਿੱਛੇ ਇਕੱਲੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨਾਲ ਕਰਾਇਮ ਹੁੰਦਾ ਹੈ। ਇਸ ਕਰਕੇ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਬੱਚੇ ਮਾਂ-ਬਾਪ ਤੋਂ ਬਿਨਾਂ ਪਿੱਛੇ ਨਹੀਂ ਰੁਲਣਗੇ, ਸਗੋਂ ਪੜ੍ਹਾਈ ਕਰ ਸਕਣਗੇ ਅਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ।
ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਧੀਆਂ ਦਾ ਵਿਹੜਾ ਮੁਹਿੰਮ ਦੀ ਸ਼ੁਰੂਆਤ ਉਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਕਰਨ ਲਈ ਕੀਤੀ ਗਈ ਹੈ, ਜਿਨ੍ਹਾਂ ਦੇ ਮਾਤਾ ਪਿਤਾ ਫੈਕਟਰੀਆਂ ਵਿੱਚ ਕੰਮ ਕਰਦੇ ਹਨ ਅਤੇ ਬੱਚਿਆਂ ਨਾਲ ਹਾਦਸੇ ਵਧਦੇ ਹਨ। ਪਰ ਹੁਣ ਇਸ ਮੁਹਿੰਮ ਦੇ ਤਹਿਤ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸ ਸੰਸਥਾ ਵਿੱਚ ਛੱਡ ਸਕਣਗੇ ਜਿੱਥੇ ਉਨ੍ਹਾਂ ਦੀ ਸਾਂਭ-ਸੰਭਾਲ ਹੋਵੇਗੀ ਅਤੇ ਪੜ੍ਹਾਈ ਵੀ ਹੋਵੇਗੀ।