ਲੁਧਿਆਣਾ/ ਫਗਵਾੜਾ: ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ ਉੱਤੇ ਸੋਮਵਾਰ ਨੂੰ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸਿਆਸੀ ਆਗੂਆਂ ਸਣੇ ਆਮ ਲੋਕ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ। ਇਸੇ ਤਹਿਤ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਆਪਣੇ ਪਰਿਵਾਰ ਸਣੇ ਪਿੰਡ ਗੋਰਸੀਆਂ ਕਾਦਰ ਵਿੱਚ ਵੋਟ ਭੁਗਤਾਈ।
ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਆਪਣੇ ਪਰਿਵਾਰ ਸਣੇ ਆਪਣੀ ਵੋਟ ਦੀ ਵਰਤੋਂ ਕੀਤੀ। ਉਨ੍ਹਾਂ ਦੇ ਨਾਲ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਰਾਜੇਸ਼ ਬਾਘਾ ਵੀ ਮੌਜੂਦ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ। ਪ੍ਰਮਾਤਮਾ ਦੀ ਮਿਹਰ ਦੇ ਨਾਲ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ 24 ਅਕਤੂਬਰ ਨੂੰ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਹੀ ਆਉਣਗੇ। ਇਯਾਲੀ ਨੇ ਸੁਰੱਖਿਆ ਨੂੰ ਲੈ ਕੇ ਵੀ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਮੁੱਲਾਂਪੁਰ ਦਾਖਾ ਦੇ ਐਸਐਸਪੀ ਨੂੰ ਬਦਲਣ ਤੋਂ ਬਾਅਦ ਹੁਣ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਪੂਰੀ ਤਸੱਲੀ ਹੈ। ਡੀਆਈਜੀ ਖੱਟੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੀ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ।