Treatment plant: ਬੁੱਢੇ ਨਾਲ਼ੇ ਦੇ ਮਸਲੇ ਦਾ ਹੋਵੇਗਾ ਸਥਾਈ ਹੱਲ, ਸੀਐੱਮ ਮਾਨ ਨੇ ਸਭ ਤੋਂ ਵੱਡੇ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ ਲੁਧਿਆਣਾ: ਬੁੱਢਾ ਨਾਲ਼ਾ ਪ੍ਰਦੂਸ਼ਣ ਅਤੇ ਸਿਆਸਤ ਦਾ ਹਮੇਸ਼ਾ ਤੋਂ ਹੀ ਵੱਡਾ ਕੇਂਦਰ ਰਿਹਾ ਹੈ ਅਤੇ ਇਸਦੀ ਸਫਾਈ ਲਈ ਪਿਛਲੀ ਕਾਂਗਰਸ ਸਰਕਾਰ ਵੱਲੋਂ 650 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ, ਜਿਸ ਵਿੱਚ ਕੁੱਝ ਹਿੱਸਾ ਕੇਂਦਰ ਸਰਕਾਰ ਦਾ ਅਤੇ ਕੁੱਝ ਪੰਜਾਬ ਸਰਕਾਰ ਦਾ ਤੈਅ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੂਰੇ ਪ੍ਰਜੈਕਟ ਦੀ ਦੇਖ ਰੇਖ ਲਈ ਨਗਰ ਨਿਗਮ ਨੂੰ 10 ਸਾਲ ਲਈ 300 ਕਰੋੜ ਰੁਪਏ ਰੱਖੇ ਜਾਣੇ ਹਨ। ਦੱਸ ਦਈਏ 315 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ 225 mld ਸੀਵਰੇਜ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਨੇ ਕੀਤਾ ਹੈ ਅਤੇ ਇਸ ਦੌਰਾਨ ਉਨ੍ਹਾਂ ਨਾਲ ਲੁਧਿਆਣਾ ਦੀ ਲੀਡਰਸ਼ਿਪ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਇੰਦਰ ਬੀਰ ਨਿੱਜਰ ਵੀ ਮੌਜੂਦ ਰਹੇ।
ਪਿਛਲੀਆਂ ਸਰਕਾਰਾਂ ਉੱਤੇ ਵਾਰ: ਮੁੱਖ ਮੰਤਰੀ ਪੰਜਾਬ ਨੇ ਇਸ ਦਾ ਉਦਘਾਟਨ ਕਰਦਿਆਂ ਪਿਛਲੀਆਂ ਸਰਕਾਰਾਂ ਉੱਤੇ ਜੰਮ ਕੇ ਨਿਸ਼ਾਨਾ ਸਾਧੇ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾਅਵੇ ਤਾਂ ਕਰਦੀਆਂ ਰਹੀਆਂ ਪਰ ਜ਼ਮੀਨੀ ਪੱਧਰ ਉੱਤੇ ਕੋਈ ਕੰਮ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਨਾਲ ਲੜਾਈ ਲੜ ਰਹੇ ਹਾਂ ਇਸ ਕਰਕੇ ਸਾਨੂੰ ਇਸ ਵਿੱਚ ਥੋੜ੍ਹਾ ਸਮਾਂ ਜ਼ਰੂਰ ਲੱਗ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਲੁਧਿਆਣਾ ਦਾ ਬੁੱਢਾ ਨਾਲ ਫਾਜ਼ਿਲਕਾ ਤੱਕ ਦੇ ਪਿੰਡਾਂ ਵਿੱਚ ਬਿਮਾਰੀਆਂ ਫੈਲਾਉਂਦਾ ਸੀ, ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਾਲੇ ਪਾਣੀ ਆ ਰਹੇ ਸਨ, ਜਿਸ ਕਰਕੇ ਬਿਮਾਰੀਆਂ ਫੈਲ ਰਹੀਆਂ ਸਨ।
ਲੋਕਾਂ ਦੇ ਘਰਾਂ ਤੱਕ ਕਾਲਾ ਪਾਣੀ ਪਹੁੰਚਾਇਆ: ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਡੇ ਟਰੀਟਮੈਂਟ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹੁਣ ਇਸ ਪ੍ਰਾਜੈਕਟ ਨਾਲ ਬੁੱਢੇ ਨਾਲੇ ਦੇ ਵਿੱਚ ਪਾਣੀ ਹੁਣ ਸਾਫ਼ ਹੋਇਆ ਕਰੇਗਾ। ਉਨ੍ਹਾਂ ਕਿਹਾ ਬੁੱਢੇ ਨਾਲੇ ਦੇ ਵਿੱਚ ਅੱਜ ਤੋਂ ਹੀ ਥੋੜ੍ਹਾ ਥੋੜ੍ਹਾ ਫਰਕ ਦਿਖਾਈ ਦੇਣ ਲੱਗ ਜਾਵੇਗਾ। ਇਸ ਮੌਕੇ ਸੀਐੱਮ ਮਾਨ ਨੇ ਕਿਹਾ ਕਿ ਪਹਿਲਾਂ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਅੰਗਰੇਜ਼ ਕਾਲੇ ਪਾਣੀ ਦੀ ਸਜ਼ਾ ਦਿੰਦੇ ਸਨ, ਪਰ ਹੁਣ ਸਾਡੀਆਂ ਪੁਰਾਣੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਲੋਕਾਂ ਦੇ ਘਰਾਂ ਤੱਕ ਕਾਲਾ ਪਾਣੀ ਪਹੁੰਚਾਇਆ ਜਾ ਰਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਪੰਜਾਬ ਦੇ ਲੋਕਾਂ ਨੂੰ ਚੰਗਾ ਵਾਤਾਵਰਣ ਦੇਣਾ ਹੈ।
ਇਹ ਵੀ ਪੜ੍ਹੋ:CM Mann on Bandi Singh Rihai: 'ਬਾਦਲ ਚਾਹੇ ਪੈਰਾਂ ਦੇ ਅੰਗੂਠੇ ਲਾ ਦੇਵੇ, ਕੋਈ ਨਹੀਂ ਪੁੱਛਦਾ', ਬੰਦੀ ਸਿੰਘਾਂ ਰਿਹਾਈ ਲਈ ਦਸਤਖ਼ਤ ਮੁਹਿੰਮ 'ਤੇ ਬੋਲੇ CM ਮਾਨ
ਦੂਜੇ ਪਾਸੇ ਹਲਕੇ ਦੇ ਵਿਧਾਇਕ ਦਲਜੀਤ ਗਰੇਵਾਲ ਨੇ ਕਿਹਾ ਕਿ ਬੁੱਢਾ ਨਾਲਾ ਦੀ ਸਫ਼ਾਈ ਹੋਣਾ ਬੇਹੱਦ ਜ਼ਰੂਰੀ ਸੀ, ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਗੱਲਾਂ ਨਹੀਂ ਕਰਾਂਗੇ ਕੰਮ ਕਰ ਕੇ ਵੇਖਾਵਾਂਗੇ। ਹਲਕਾ ਪੂਰਬੀ ਦੇ ਐਮ ਐਲ ਏ ਨੇ ਕਿਹਾ ਕਿ ਇਸ ਨਾਲ ਸਾਡੇ ਹਲਕੇ ਦੇ ਵਿਚ 75 ਫੀਸਦੀ ਲੋਕਾਂ ਨੂੰ ਫਾਇਦਾ ਮਿਲੇਗਾ, ਕਿਉਂਕਿ ਇਹ ਇਲਾਕਾ ਕਾਫੀ ਨੀਵਾਂ ਹੈ ਜਿਸ ਕਰਕੇ ਇਲਾਕੇ ਵਿੱਚ ਕਾਫ਼ੀ ਸਮੱਸਿਆ ਪਾਣੀ ਦੀ ਰਹਿੰਦੀ ਸੀ ।