ਲੁਧਿਆਣਾ : ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਲਾਇਆ ਗਿਆ। ਇਸ ਦੇ ਪਹਿਲੇ ਦਿਨ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਝੋਨੇ ਤੇ ਕਣਕ ਦੀ ਫਸਲੀ ਚੱਕਰ ਵਿਚੋਂ ਨਿਕਲ ਕੇ ਆਧੁਨਿਕ ਖੇਤੀ ਵੱਲ ਪ੍ਰੇਰਿਆ ਸੀ। ਅੱਜ ਦੂਜੇ ਦਿਨ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਸਬੰਧੀ ਗੁਰ ਦਿੱਤੇ ਗਏ। ਇਸ ਮੌਕੇ ਮਾਹਰਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਪਰਾਲੀ ਦਾ ਨਬੇੜਾ ਸਿਰਦਰਦੀ ਬਣਿਆ ਰਿਹਾ ਹੈ। ਹਾਲਾਂਕਿ ਹੁਣ ਨਵੀਂ ਮਸ਼ੀਨਰੀ ਦੀ ਵਰਤੋਂ ਕਰ ਕੇ ਪਰਾਲੀ ਦਾ ਨਬੇੜਾ ਕੀਤਾ ਜਾ ਰਿਹਾ ਹੈ।
ਕਈ ਕਿਸਾਨ ਪਰਾਲੀ ਨੂੰ ਖੇਤ ਦੇ ਵਿੱਚ ਹੀ ਵਾਹ ਰਹੇ ਹਨ ਪਰ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਸਤਰ ਵਿਗਿਆਨ ਵਿਭਾਗ ਵੱਲੋਂ ਪਰਾਲੀ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਲਈ ਸਿਖਲਾਈ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਪਰਾਲੀ ਨਾਲ ਡੈਕੋਰੇਸ਼ਨ ਦਾ ਸਮਾਨ ਬਣਾਇਆ ਜਾਂਦਾ ਹੈ। ਉਸ ਤੋਂ ਇਲਾਵਾ ਪਰਾਲੀ ਦਾ ਕਾਗਜ਼, ਪਰਾਲੀ ਦੇ ਮਲਚਰ ਮੈਟ, ਪਰਾਲੀ ਦੇ ਦਸਤਾਨੇ, ਪਰਾਲੀ ਦੇ ਛੋਟੇ ਗਮਲੇ, ਪਰਾਲੀ ਦੀਆਂ ਤਸਵੀਰਾਂ, ਪਰਾਲੀ ਦੇ ਨਾਲ ਤਿਆਰ ਬ੍ਰਿਕਸ ਆਦਿ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪਰਾਲੀ ਅਤੇ ਵੈਸਟ ਮਟਿਰੀਆਲ ਤੋਂ ਸਜਾਵਟੀ ਸਮਾਨ ਵੀ ਬਣਾਇਆ ਜਾ ਸਕਦਾ ਹੈ।
ਪਰਾਲੀ ਦੀ ਸੁਚੱਜੀ ਵਰਤੋਂ : ਪਹਿਲੀ ਨਜ਼ਰੇ ਵੇਖਣ ਨੂੰ ਸਜਾਵਟੀ ਸਮਾਨ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕਿ ਇਹ ਸਮਾਨ ਖੇਤਾਂ ਵਿੱਚ ਬਚੀ ਹੋਈ ਰਹਿੰਦ-ਖੂੰਹਦ ਤੋਂ ਬਣਾਇਆ ਗਿਆ ਹੈ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਸਤਰ ਵਿਗਿਆਨ ਵਿਭਾਗ ਦੀ ਮਾਹਿਰ ਡਾਕਟਰ ਨੇ ਦੱਸਿਆ ਕਿ ਇਹ ਸਭ ਪਰਾਲੀ ਨਾਲ ਹੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨੀ ਅੱਜ ਸਮੇਂ ਦੀ ਲੋੜ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਦੇ ਨਾਲ ਨਵੇਂ-ਨਵੇਂ ਸਮਾਨ ਬਣਾਉਣ ਦੀ ਕਾਢ ਕੱਢੀ ਜਾ ਰਹੀ ਹੈ।