ਲੁਧਿਆਣਾ: ਟਰੈਫਿਕ ਮੁਲਾਜ਼ਮ ਪ੍ਰਭਜੀਤ ਸਿੰਘ ਇਨ੍ਹੀਂ ਦਿਨੀਂ ਆਪਣੀ ਪੱਗ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਉਸ ਦੀ ਪੱਗ ਬੰਨ੍ਹਣ ਦੇ ਢੰਗ ਕਾਰਨ ਉਹ ਨੌਜਵਾਨਾਂ ਦਾ ਫੈਨ ਬਣ ਗਿਆ ਹੈ। ਇੰਨਾ ਹੀ ਨਹੀਂ, ਉਹ ਨੌਜਵਾਨਾਂ ਨੂੰ ਪੱਗ ਬੰਨ੍ਹਣ ਦੀ ਸੇਧ ਵੀ ਦਿੰਦਾ ਹੈ ਅਤੇ ਜੇਕਰ ਕਿਸੇ ਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ, ਤਾਂ ਉਸ ਨੂੰ ਪੱਗ ਬੰਨ੍ਹਣ ਦੀ ਸਿਖਲਾਈ ਵੀ ਮੁਫ਼ਤ ਵਿੱਚ ਦਿੰਦਾ ਹੈ। ਉਹ ਪੱਗ ਨੂੰ ਸੋਸ਼ਲ ਮੀਡੀਆ ਉੱਤੇ ਪ੍ਰਮੋਟ ਵੀ ਕਰਦਾ ਹੈ। ਸਖ਼ਤ ਡਿਊਟੀ ਦੇ ਬਾਵਜੂਦ ਪ੍ਰਭਜੀਤ ਰੋਜ਼ਾਨਾ 40 ਮਿੰਟ ਲਾ ਕੇ ਆਪਣੀ ਪੱਗ ਬੰਨ੍ਹਦਾ ਹੈ ਅਤੇ ਫਿਰ ਡਿਊਟੀ ਉੱਤੇ ਆਉਂਦਾ ਹੈ ਜਿਸ ਤੋਂ ਬਾਅਦ ਉਹ ਸਾਰਾ ਦਿਨ ਧੁੱਪ ਹੋਵੇ ਜਾਂ ਬਰਸਾਤ ਜਾਂ ਠੰਢ, ਪਰ ਤਨਦੇਹੀ ਨਾਲ ਡਿਊਟੀ ਨਿਭਾਉਂਦਾ ਹੈ।
ਅਕਸਰ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਕਰਦੈ ਸ਼ੇਅਰ : ਪ੍ਰਭਜੀਤ ਸਿੰਘ ਦਾ ਇੱਕ ਹਾਦਸੇ ਵਿੱਚ ਹੱਥ ਕੰਮ ਕਰਨੇ ਬੰਦ ਹੋ ਗਏ ਸਨ। ਉਸ ਦੇ ਹੱਥ ਹਿੱਲਦੇ ਤੱਕ ਨਹੀਂ ਸੀ, ਪਰ ਇਸ ਦੇ ਬਾਵਜੂਦ ਉਸ ਨੇ ਪੱਗ ਬੰਨ੍ਹਣੀ ਬੰਦ ਨਹੀਂ ਕੀਤੀ। ਉਹ ਕਿਸੇ ਮਾਹਿਰ ਤੋਂ ਪੱਗ ਬਣਵਾਉਂਦਾ ਸੀ ਅਤੇ ਉਸ ਦੇ ਪੱਗ ਬੰਨ੍ਹਣ ਦੇ ਸਟਾਇਲ ਨੂੰ ਵੇਖ ਕੇ ਉਸ ਨੇ ਵੀ ਇਸੇ ਤਰ੍ਹਾਂ ਹੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ। ਉਸ ਦੇ ਹੱਥਾਂ ਉੱਤੇ ਹੁਣ ਵੀ ਪੱਟੀਆਂ ਬੰਨ੍ਹੀਆਂ ਹੋਇਆਂ ਹਨ, ਪਰ ਇਸ ਦੇ ਬਾਵਜੂਦ ਉਹ ਆਪਣੀ ਡਿਊਟੀ ਨਿਭਾਉਣ ਦੇ ਨਾਲ ਰੋਜ਼ਾਨਾ ਪੱਗ ਬੰਨ੍ਹਦਾ ਹੈ। ਇੰਨਾਂ ਹੀ ਨਹੀਂ, ਪ੍ਰਭਜੀਤ ਸਿੰਘ ਨੇ ਦਸਿਆ ਕਿ ਉਹ ਨੌਜਵਾਨਾਂ ਨੂੰ ਪੱਗ ਬੰਨਣੀ ਵੀ ਸਿਖਾਉਂਦਾ ਹੈ। ਉਨ੍ਹਾਂ ਦੱਸਿਆ ਕਿ ਅਕਸਰ ਇਸ ਪੱਗ ਵੇਖ ਕੇ ਨੌਜਵਾਨ ਉਸ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਘਰ ਆ ਕੇ ਸਿਖਲਾਈ ਵੀ ਲੈਂਦੇ ਹਨ। ਉਨ੍ਹਾ ਕਿਹਾ ਕਿ ਸਖ਼ਤ ਡਿਊਟੀ ਹੋਣ ਕਰਕੇ ਉਸ ਕੋਲ ਬਹੁਤਾ ਸਮਾਂ ਨਹੀਂ ਹੁੰਦਾ। ਇਸ ਕਰਕੇ ਹੁਣ ਉਹ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।