ਡਾਕਟਰ ਅਮਰਜੀਤ ਸਿੰਘ, ਖੇਤੀ ਮਾਹਿਰ ਲੁਧਿਆਣਾ:ਪੰਜਾਬ ਵਿੱਚ ਟਮਾਟਰ ਦੀ ਫਸਲ ਨੂੰ ਉੱਲੀ ਰੋਗ ਲੱਗਣ ਕਰਕੇ ਵੱਡਾ (Fungal infection on tomato crop) ਨੁਕਸਾਨ ਹੋ ਰਿਹਾ ਹੈ। ਜਿਸ ਨੂੰ ਲੈਕੇ ਕਿਸਾਨ ਪਰੇਸ਼ਾਨ ਹਨ। ਮਾਲਵਾ ਖੇਤਰ ਵਿੱਚ ਖਾਸ ਕਰਕੇ ਪਟਿਆਲਾ ਦੇ ਇਲਾਕੇ ਵਿੱਚ ਫਸਲਾਂ ਜ਼ਿਆਦਾ ਪ੍ਰਭਾਵਿਤ ਹੋਈਆਂ ਨੇ, ਜਿਸ ਕਰਕੇ ਕਿਸਾਨਾਂ ਨੂੰ ਇਹ ਨਵੀਂ ਮੁਸੀਬਤ ਝੱਲਣੀ ਪੈ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (Ludhiana Agricultural University) ਦੇ ਫਸਲ ਵਿਗਿਆਨ ਮਾਹਿਰ ਡਾਕਟਰ ਅਮਰਜੀਤ ਸਿੰਘ ਨੇ ਕਿਸਾਨਾਂ ਨੂੰ ਟਮਾਟਰ ਦੀ ਫਸਲ ਬਚਾਉਣ ਦੇ ਲਈ ਜਾਣਾਕਰੀ ਵੀ ਦਿੱਤੀ ਹੈ। ਖੇਤੀਬਾੜੀ ਮਾਹਿਰ ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਦੁਆਬੇ ਦੇ ਕਿਸਾਨ ਸੁਚੇਤ ਨੇ ਪਰ ਮਾਲਵੇ ਦੇ ਕਿਸਾਨਾਂ ਨੂੰ ਇਸ ਦਾ ਜ਼ਿਆਦਾ ਨੁਕਸਾਨ ਝੱਲਣਾ ਪਿਆ ਹੈ, ਉਹਨਾਂ ਨੇ ਕਿਹਾ ਕਿ ਇਹ ਬਿਮਾਰੀ ਪਿਛੇਤੇ ਲਾਏ ਆਲੂਆਂ ਤੋਂ ਸ਼ੁਰੂ ਹੋਈ ਹੈ, ਜਿਸ ਤੋਂ ਬਾਅਦ ਇਹ ਅਗੇਤੇ ਲਾਏ ਟਮਾਟਰਾਂ ਨੂੰ ਲੱਗਣੀ ਸ਼ੁਰੂ ਹੋਈ ਹੈ। ਇਸ ਬਿਮਾਰੀ ਦੇ ਲੱਗਣ ਤੋਂ ਬਾਅਦ ਟਮਾਟਰ ਦਾ ਪੱਤਾ ਬਿਲਕੁਲ ਸੜ ਜਾਂਦਾ ਹੈ ਜਿਸ ਤੋਂ ਬਾਅਦ ਟਮਾਟਰ ਦਾ ਰੰਗ ਵੀ ਬਦਲ ਜਾਂਦਾ ਹੈ।
ਕਿਵੇਂ ਸ਼ੁਰੂ ਹੋਈ ਬਿਮਾਰੀ: ਪੀਏਯੂ ਦੇ ਮਾਹਿਰ ਡਾਕਟਰ ਨੇ ਦੱਸਿਆ ਕਿ ਇਸ ਬਿਮਾਰੀ ਨੂੰ ਸਧਾਰਨ ਭਾਸ਼ਾ ਵਿੱਚ ਉੱਲੀ ਦੀ ਬਿਮਾਰੀ ਕਿਹਾ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਆਲੂਆਂ ਤੋਂ ਸ਼ੁਰੂ ਹੋਈ ਹੈ, ਕਿਸਾਨ ਆਲੂਆਂ ਦੀ ਫ਼ਸਲ ਵਿੱਚ ਜ਼ਿਆਦਾ ਦਿਲਚਸਪੀ ਜਦੋਂ ਤੋਂ ਵਿਖਾਉਣ ਲੱਗੇ ਹਨ ਉਦੋਂ ਤੋਂ ਇਹ ਬਿਮਾਰੀ ਵਧਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹ ਸਿਰਫ ਆਲੂਆਂ ਤੱਕ ਸੀਮਿਤ ਸੀ ਪਰ ਹੁਣ ਇਸ ਬਿਮਾਰੀ ਦਾ ਅਸਰ ਟਮਾਟਰ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਦੁਆਬੇ ਦੇ ਕਿਸਾਨਾਂ ਵੱਲੋਂ ਤਾਂ ਪਹਿਲਾਂ ਹੀ ਇੰਡੋਫਿਲ ਐਮ ਨਾਂ ਦੀ ਕੀਟਨਾਸ਼ਕ ਦਵਾਈ ਦੀ ਸਪਰੇ ਕਰਕੇ ਟਮਾਟਰਾਂ ਦੀ ਫਸਲ ਨੂੰ ਬਚਾ ਲਿਆ ਗਿਆ ਸੀ ਪਰ ਮਾਲਵਾ ਇਲਾਕੇ ਵਿੱਚ ਕਿਸਾਨਾਂ ਵੱਲੋਂ ਇਸ ਸਪਰੇ ਦਾ ਇਸਤੇਮਾਲ ਸਮੇਂ ਸਿਰ ਨਹੀਂ ਕੀਤਾ ਗਿਆ ਜਿਸ ਕਰਕੇ ਇਹ ਬਿਮਾਰੀ ਆਲੂਆਂ ਤੋਂ ਬਾਅਦ ਟਮਾਟਰ ਦੇ (Disease on tomatoes after potatoes) ਉੱਤੇ ਵੀ ਫੈਲ ਗਈ, ਇਸ ਰੋਗ ਨਾਲ ਬੂਟਾ ਪੂਰੀ ਤਰ੍ਹਾਂ ਸੜ ਜਾਂਦਾ ਹੈ। ਇਸ ਤੋਂ ਇਲਾਵਾ ਟਮਾਟਰ ਦਾ ਰੰਗ ਵੀ ਬਦਲ ਕੇ ਭੂਰਾ ਹੋ ਜਾਂਦਾ ਹੈ।
ਉੱਲੀ ਰੋਗ ਤੋਂ ਫਸਲ ਦੇ ਬਚਾਅ ਲਈ ਕਰੋ ਇਹ ਉਪਾਅ ਝਾੜ ਉੱਤੇ ਕਿੰਨਾ ਅਸਰ:ਪੰਜਾਬ ਦੇ ਕਈ ਪਿੰਡ ਜੋ ਪਟਿਆਲਾ ਵਿੱਚ ਪੈਂਦੇ ਜਿਵੇਂ ਫਤਿਹਪੁਰ ਰਾਜਪੂਤਾਂ, ਖੁੱਡਾ ਲਾਲੇਣਾ, ਆਸਰਾਪੁਰ ਅਤੇ ਕਰਤਾਰਪੁਰ ਪਿੰਡਾਂ ਵਿੱਚ ਟਮਾਟਰ ਦੀ ਕਰੀਬ 50 ਫੀਸਦੀ ਫਸਲ ਝੁਲਸ ਰੋਗ ਨਾਲ ਪ੍ਰਭਾਵਿਤ ਹੋਈ ਹੈ। ਫਤਿਹਪੁਰ ਰਾਜਪੂਤਾ ਵਿੱਚ ਟਮਾਟਰ ਦੀ ਕਿਸਮ ‘ਹੀਮਸ਼ਿਖਰ’ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਹੋਰ ਕਿਸਮਾਂ ਫਿਲਹਾਲ ਘੱਟ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ ਪੰਜਾਬ ਵਿੱਚ ਕਾਫੀ ਵੱਡੇ ਰਕਬੇ ਦੇ ਅੰਦਰ ਟਮਾਟਰ ਦੀ ਫਸਲ ਲਗਾਈ ਜਾਂਦੀ ਹੈ, ਜਿਆਦਾਤਰ ਔਰਗੈਨਿਕ ਕਿਸਾਨ ਅਤੇ ਪੋਲੀ ਹਾਊਸ ਵਾਲੇ ਕਿਸਾਨ ਟਮਾਟਰ ਦੀ ਫਸਲ ਲਾਉਂਦੇ ਹਨ, ਜਿਸ ਤੋਂ ਉਹ ਕਾਫੀ ਫਾਇਦਾ ਵੀ ਲੈਂਦੇ ਹਨ। ਪਿਛਲੇ ਸਮੇਂ ਦੇ ਦੌਰਾਨ ਵੀ ਟਮਾਟਰ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿੱਲੋ ਤੋਂ ਵੀ ਉੱਪਰ ਚਲੀਆਂ ਗਈਆਂ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਦਾ ਮੰਨਣਾ ਹੈ ਕਿ ਜਿੰਨੀ ਬਿਮਾਰੀ ਵੱਧ ਹੋਵੇਗੀ ਓਨਾ ਹੀ ਇਸ ਦਾ ਅਸਰ ਝਾੜ ਉੱਤੇ ਹੋਵੇਗਾ, ਕਿਤੇ-ਕਿਤੇ ਇਹ ਪੂਰੀ ਦੀ ਪੂਰੀ ਫਸਲ ਨੂੰ ਵੀ ਤਬਾਹ ਕਰ ਦਿੰਦੀ ਹੈ ਪਰ ਕਿਸਾਨਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਸਮੇਂ ਸਿਰ ਦੱਸੀ ਗਈ ਦਵਾਈ ਦਾ ਛਿੜਕਾ ਕਰ ਦਿੱਤਾ ਜਾਵੇ ਤਾਂ ਇਸ ਬਿਮਾਰੀ ਤੋਂ ਫਸਲ ਨੂੰ ਬਚਾਇਆ ਜਾ ਸਕਦਾ ਹੈ।
ਮੌਸਮ ਨਾਲ ਫੈਲਦੀ ਬਿਮਾਰੀ: ਪੰਜਾਬ ਵਿੱਚ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਉਹ ਉੱਲੀ ਰੋਗ ਦੀ ਬਿਮਾਰੀ ਦੇ ਲਈ ਕਾਫੀ ਲਾਹੇਵੰਦ ਹੈ, ਜਿਸ ਕਰਕੇ ਇਹ ਬਿਮਾਰੀ ਤੇਜ਼ੀ ਨਾਲ ਇਹਨਾਂ ਦਿਨਾਂ ਦੇ ਵਿੱਚ ਫੈਲਦੀ ਹੈ। ਖਾਸ ਕਰਕੇ ਸਿੱਲਾ ਮੌਸਮ ਇਸ ਫਸਲ ਲਈ ਕਾਫੀ ਮਦਦਗਾਰ ਹੈ। ਉਹਨਾਂ ਕਿਹਾ ਕਿ ਜਦੋਂ ਜ਼ਿਆਦਾਤਰ ਗਿੱਲ ਹੁੰਦੀ ਹੈ ਅਤੇ ਜ਼ਿਆਦਾ ਭਰ-ਭਰ ਕੇ ਪਾਣੀ ਲਗਾਇਆ ਜਾਂਦਾ ਹੈ, ਉਸ ਵੇਲੇ ਇਸ ਦਾ ਅਸਰ ਫਸਲ ਉੱਤੇ ਵੇਖਣ ਨੂੰ ਮਿਲਦਾ ਹੈ। ਇਕੱਲੇ ਸਨੌਰ ਵਿੱਚ ਲਗਭਗ 600 ਏਕੜ ਜ਼ਮੀਨ ਉੱਤੇ ਟਮਾਟਰ ਦੀ ਫਸਲ ਲਗਾਈ ਜਾਂਦੀ ਹੈ ਅਤੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 50 ਫੀਸਦੀ ਤੱਕ ਦਾ ਨੁਕਸਾਨ ਇਸ ਇਲਾਕੇ ਦੇ ਵਿੱਚ ਟਮਾਟਰ ਦੀ ਫਸਲ ਨੂੰ ਹੋ ਚੁੱਕਾ ਹੈ। ਖੇਤੀਬਾੜੀ ਮਾਹਿਰ ਡਾਕਟਰ ਨੇ ਦੱਸਿਆ ਹੈ ਕਿ ਆਲੂ ਅਤੇ ਟਮਾਟਰ ਇੱਕੋ ਹੀ ਫੈਮਿਲੀ ਦੀਆਂ ਫਸਲਾਂ ਹਨ ਇਸ ਕਰਕੇ ਇਹ ਬਿਮਾਰੀ ਇੱਕ ਫਸਲ ਤੋਂ ਦੂਜੀ ਫਸਲ ਨੂੰ ਲੱਗਦੀ ਹੈ।