ਲੁਧਿਆਣਾ:ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਧਨਾਂਸੂ ਵਿੱਚ ਰੈਲੀ ਕਰਨਗੇ। ਆਮ ਆਦਮੀ ਪਾਰਟੀ (AAP Rally) ਵੱਲੋਂ ਅੱਜ ਕੀਤੀ ਜਾਣ ਵਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਰੂਟ ਪਲਾਨ ਵੀ ਜਾਰੀ ਕੀਤਾ ਹੈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ। ਸੀਐਮ ਮਾਨ ਨੇ ਇਸ ਨੂੰ ਲੈ ਕੇ ਐਕਸ ਉੱਤੇ ਟਵੀਟ ਵੀ ਸਾਂਝਾ ਕੀਤਾ ਹੈ।
ਅੱਜ ਤੋਂ ਪੰਜਾਬ 'ਚ ਇੱਕ ਨਵੀਂ ਕ੍ਰਾਂਤੀ ਸ਼ੁਰੂ ਹੋਣ ਜਾ ਰਹੀ ਹੈ.. ਸਾਡੀ ਕੋਸ਼ਿਸ਼ ਲੋਕਾਂ ਦੀ ਖੱਜਲ ਖੁਆਰੀ ਨੂੰ ਖ਼ਤਮ ਕਰਨ ਦੀ ਹੈ ਜਿਸ ਲਈ ਅੱਜ ਤੋਂ ਮੈਂ ਤੇ ਸਾਡੇ ਕੌਮੀ ਕਨਵੀਨਰ@ArvindKejriwalਜੀ ਇੱਕ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਤਹਿਤ ਹੁਣ ਅਫ਼ਸਰ ਤੁਹਾਡੇ ਘਰ ਆਕੇ ਕੰਮ ਕਰਨਗੇ। 43 ਤਰ੍ਹਾਂ ਦੀਆਂ ਸੇਵਾਵਾਂ ਹੁਣ ਤੁਹਾਨੂੰ ਘਰ ਬੈਠੇ ਮਿਲਣਗੀਆਂ। 'ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ' - ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ
'ਸਰਕਾਰ ਤੁਹਾਡੇ ਦੁਆਰ' ਦਾ ਆਗਾਜ਼ :ਇਸ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਆਖਿਆ ਸੀ ਕਿ ਲੋਕਾਂ ਨੂੰ ਘਰੇ ਬੈਠਿਆਂ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਲਈ ਸੂਬਾ ਸਰਕਾਰ 10 ਦਸੰਬਰ ਨੂੰ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕਰੇਗੀ। ਸ੍ਰੀ ਫਤਹਿਗੜ੍ਹ ਸਾਹਿਬ ਤੇ ਬੱਸੀ ਪਠਾਣਾਂ ਦੇ ਸਾਂਝ ਕੇਂਦਰਾਂ ਦੇ ਅਚਨਚੇਤ ਦੌਰੇ ਉਤੇ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸੁਚਾਰੂ ਤਰੀਕੇ ਤੇ ਆਸਾਨੀ ਨਾਲ ਇਹ ਸੇਵਾਵਾਂ ਮੁਹੱਈਆ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਤੱਕ ਸੇਵਾਵਾਂ ਦੇਣ ਦੀ ਸ਼ੁਰੂਆਤ ਵਾਲੀ ਇਹ ਪਹਿਲਕਦਮੀ ਲੋਕਾਂ ਦੀ ਸਰਕਾਰੀ ਸੇਵਾਵਾਂ ਤੱਕ ਸਿੱਧੀ ਤੇ ਆਸਾਨ ਪਹੁੰਚ ਮੁਹੱਈਆ ਕਰਵਾਏਗੀ।