ਲੁਧਿਆਣਾ:ਪੰਜਾਬ ਕਾਂਗਰਸ (Punjab Congress) ਦੀ ਅਕਸਰ ਹੀ ਰੀਤ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਆਪਸ ਦੇ ਵਿੱਚ ਖਾਨਾਜੰਗੀ ਸ਼ੁਰੂ ਹੋ ਜਾਂਦੀ ਹੈ। ਹੁਣ ਮੁੜ ਤੋਂ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਬਠਿੰਡਾ ਦੇ ਵਿੱਚ ਕੀਤੀ ਗਈ ਰੈਲੀ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਜਿੱਥੇ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੱਧੂ ਨੂੰ ਸੰਜੀਦਗੀ ਵਿਖਾਉਣ ਦੀ ਸਲਾਹ ਦਿੱਤੀ ਹੈ ਉੱਥੇ ਹੀ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਪਲਟਵਾਰ ਕਰਦਿਆਂ ਕਈ ਸਵਾਲ ਖੜ੍ਹੇ ਕੀਤੇ ਗਏ ਨੇ। ਇੰਡੀਆ ਗਠਜੋੜ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਇਸ ਗਠਜੋੜ ਦਾ ਵਿਰੋਧ ਕਰ ਰਹੇ ਹਨ ਅਤੇ ਕੀ ਇਹ ਪਾਰਟੀ ਦੇ ਅਨੁਸ਼ਾਸਨ ਅਤੇ ਕੇਂਦਰੀ ਹਾਈ ਕਮਾਨ ਦੇ ਫੈਸਲੇ ਦਾ ਉਲੰਘਣਾ ਨਹੀਂ ਹੈ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਜਦੋਂ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਉਦੋਂ ਕਾਂਗਰਸ ਦੀ 78 ਵਿਧਾਇਕਾਂ ਤੋਂ ਗਿਣਤੀ 18 ਤੱਕ ਰਹਿ ਗਈ।
ਸਿੱਧੂ ਧੜੇ ਨੇ ਚੁੱਕੇ ਸਵਾਲ:ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਨਾਲ ਉਸ ਦੇ ਧੜੇ ਅਤੇ ਕੁਝ ਕਾਂਗਰਸੀ ਆਗੂਆਂ ਨੇ ਵੀ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਰਾਜ਼ਗੀ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਕਾਂਗਰਸ ਦੇ ਪ੍ਰੋਗਰਾਮਾਂ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਨੇੜਤਾ ਹੋਣ ਕਰਕੇ ਨਹੀਂ ਸੱਦ ਰਹੇ । ਸਿੱਧੂ ਧੜੇ ਦੇ ਕਾਂਗਰਸੀ ਵਰਕਰਾਂ ਨੇ ਪ੍ਰਤਾਪ ਬਾਜਵਾ (Pratap Singh Bajwa) ਨੂੰ ਸਵਾਲ ਪੁੱਛੇ ਹਨ ਕਿ ਨਾ ਹੀ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ 'ਚ ਸੱਦਿਆ ਜਾਂਦਾ ਹੈ। ਜੇ ਅਸੀਂ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ 'ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇੱਕਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ। ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਏ ਹਾਂ ਪਰ ਨਵਜੋਤ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿੱਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ। ਅਸਲ 'ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਅਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾਂ ਕੁੱਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ'