ਸੇਵਾ ਕੇਂਦਰ ਅਧਿਕਾਰੀ ਨੇ ਦੱਸਿਆ ਖੰਨਾ: ਖੰਨਾ ਵਿਖੇ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਹੁਣ ਤਾਂ ਚੋਰਾਂ ਦੀ ਹਿੰਮਤ ਇਸ ਕਦਰ ਵੱਧ ਗਈ ਹੈ ਕਿ ਥਾਣੇ ਦੇ ਕੋਲ ਹੀ ਚੋਰੀਆਂ ਕਰਨ ਲੱਗੇ ਹਨ। ਬੀਤੀ ਰਾਤ ਸੋਮਵਾਰ ਨੂੰ ਚੋਰਾਂ ਨੇ ਖੰਨਾ ਦੇ ਸਿਟੀ ਥਾਣਾ 2 ਦੇ ਨਾਲ ਸੇਵਾ ਕੇਂਦਰ ਦਾ ਮੇਨ ਗੇਟ ਤੋੜਕੇ ਲੱਖਾਂ ਰੁਪਏ ਦੇ ਕੰਪਿਊਟਰ ਤੇ ਹੋਰ ਸਾਮਾਨ ਚੋਰੀ ਕਰ ਲਿਆ। ਦੱਸ ਦਈਏ ਕਿ ਚੋਰਾਂ ਨੇ ਵਾਰਦਾਤ ਕਰਨ ਲਈ ਕਾਫੀ ਸਮਾਂ ਲਗਾਇਆ, ਪ੍ਰੰਤੂ ਥਾਣੇ ਵਾਲਿਆਂ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ।
ਪੁਲਿਸ ਪ੍ਰਸ਼ਾਸਨ ਸੁਸਤ:- ਇਸ ਵਾਰਦਾਤ ਤੋਂ ਬਾਅਦ ਮੰਗਲਵਾਰ ਸਵੇਰੇ ਜਦੋਂ ਸੇਵਾ ਕੇਂਦਰ ਸਟਾਫ਼ ਆਇਆ ਤਾਂ ਸੁਰੱਖਿਆ ਗਾਰਡ ਨੇ ਦੇਖਿਆ ਕਿ ਮੇਨ ਗੇਟ ਟੁੱਟਿਆ ਹੋਇਆ ਸੀ। ਉਸ ਨੇ ਤੁਰੰਤ ਸੇਵਾ ਕੇਂਦਰ ਇੰਚਾਰਜ ਸੌਰਵ ਨੂੰ ਦੱਸਿਆ। ਜਿਸ ਤੋਂ ਬਾਅਦ ਸੇਵਾ ਕੇਂਦਰ ਇੰਚਾਰਜ ਮੌਕੇ ਉੱਤੇ ਪੁੱਜੇ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਨੂੰ ਸੂਚਨਾ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਤੋਂ ਪਹਿਲਾਂ ਤਾਂ ਕੀ ਚੌਕਸੀ ਹੋਣੀ ਸੀ, ਵਾਰਦਾਤ ਮਗਰੋਂ ਵੀ ਪੁਲਿਸ ਸੁਸਤ ਦਿਖਾਈ ਦਿੱਤੀ। ਸੂਚਨਾ ਮਿਲਣ ਮਗਰੋਂ ਪੁਲਿਸ ਨੇ ਚੰਦ ਕਦਮਾਂ ਉਪਰ ਸੇਵਾ ਕੇਂਦਰ ਅੰਦਰ ਚੋਰੀ ਦੀ ਘਟਨਾ ਦਾ ਮੁਆਇਨਾ ਤੱਕ ਨਹੀਂ ਕੀਤਾ।
5 ਲੱਖ ਦੇ ਕਰੀਬ ਦਾ ਨੁਕਸਾਨ:-ਇਸ ਮੌਕੇ ਸੇਵਾ ਕੇਂਦਰ ਇੰਚਾਰਜ ਸੌਰਵ ਨੇ ਕਿਹਾ ਕਿ ਚੋਰਾਂ ਨੇ ਸੇਵਾ ਕੇਂਦਰ ਵਿੱਚੋਂ ਕੰਪਿਊਟਰ, ਸਕੈਨਰ, ਆਧਾਰ ਕਾਰਡ ਬਣਾਉਣ ਵਾਲੀ ਮਸ਼ੀਨ ਅਤੇ ਹੋਰ ਸਾਮਾਨ ਚੋਰੀ ਕੀਤਾ। ਉਹਨਾਂ ਕਿਹਾ ਕਿ ਚੋਰਾਂ ਨੇ 5 ਲੱਖ ਦੇ ਕਰੀਬ ਦਾ ਨੁਕਸਾਨ ਕੀਤਾ। ਇੰਚਾਰਜ ਸੌਰਵ ਨੇ ਕਿਹਾ ਕਿ ਸੇਵਾ ਕੇਂਦਰ ਨੇੜੇ ਪੁਲਿਸ ਥਾਣਾ ਹੈ, ਪਰ ਫਿਰ ਵੀ ਸੇਵਾ ਕੇਂਦਰ ਦੀ ਸੁਰੱਖਿਆ ਬਿਲਕੁਲ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸੇਵਾ ਕੇਂਦਰ ਦੇ ਨਾਲ ਹੀ ਨਗਰ ਕੌਂਸਲ ਅਤੇ ਫਾਇਰ ਬ੍ਰਿਗੇਡ ਦਫ਼ਤਰ ਵੀ ਨਾਲ ਹਨ। ਉਹਨਾਂ ਕਿਹਾ ਕਿ ਪੁਲਿਸ ਨੂੰ ਤੁਰੰਤ ਕਾਰਵਾਈ ਕਰਕੇ ਚੋਰਾਂ ਨੂੰ ਫੜਨਾ ਚਾਹੀਦਾ ਹੈ।
ਕੰਮਕਾਰ ਹੋਇਆ ਠੱਪ, ਲੋਕ ਪ੍ਰੇਸ਼ਾਨ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੇਵਾ ਕੇਂਦਰ ਵਿਖੇ ਚੋਰੀ ਦੀ ਘਟਨਾ ਮਗਰੋਂ ਸੇਵਾ ਕੇਂਦਰ ਵਿੱਚ ਕੰਮਕਾਰ ਬਿਲਕੁਲ ਠੱਪ ਹੋ ਗਿਆ ਹੈ, ਲੋਕ ਪ੍ਰੇਸ਼ਾਨ ਹੋ ਰਹੇ ਹਨ। ਕਿਉਂਕਿ ਖੰਨਾ ਸ਼ਹਿਰ ਅੰਦਰ ਕੇਵਲ 2 ਸੇਵਾ ਕੇਂਦਰ ਹਨ। ਇਹਨਾਂ ਦੇ ਨਾਲ ਸ਼ਹਿਰ ਦੇ 33 ਵਾਰਡਾਂ ਤੋਂ ਇਲਾਵਾ 67 ਪਿੰਡਾਂ ਦੇ ਲੋਕ ਜੁੜੇ ਹਨ। ਇਸ ਸੇਵਾ ਕੇਂਦਰ 'ਚ ਰੋਜ਼ਾਨਾ ਹਜ਼ਾਰਾਂ ਲੋਕ ਕੰਮ ਕਰਵਾਉਣ ਆਉਂਦੇ ਹਨ। ਸੇਵਾ ਕੇਂਦਰ ਇੰਚਾਰਜ ਸੌਰਵ ਨੇ ਕਿਹਾ ਕਿ ਇੱਕ 2 ਦਿਨਾਂ ਵਿੱਚ ਮਸ਼ੀਨਰੀ ਆਵੇਗੀ ਅਤੇ ਕੰਮ ਆਮ ਦਿਨਾਂ ਵਾਂਗ ਚੱਲੇਗਾ।