ਸ਼ਖ਼ਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਲੁਧਿਆਣਾ:ਜ਼ਿਲ੍ਹੇ ਦੇ ਕਸਬਾ ਖੰਨਾ ਵਿੱਚ ਪੁਲਿਸ ਅਤੇ ਦੋਪਹੀਆ ਵਾਹਨ ਏਜੰਸੀ ਮਾਲਿਕ ਤੋਂ ਤੰਗ ਆ ਕੇ ਖੰਨਾ ਦੇ ਅਮਲੋਹ ਰੋਡ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਗਈ। ਜਿਸ 'ਚ ਪੁਲਿਸ ਸਮੇਤ ਕੁਝ ਲੋਕਾਂ 'ਤੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਹਾਲਤ ਨਾਜ਼ੁਕ ਹੋਣ 'ਤੇ ਨੌਜਵਾਨ ਨੂੰ ਖੰਨਾ ਦੇ ਸਿਵਲ ਹਸਪਤਾਲ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕੀਤਾ ਗਿਆ।
ਮਾਮਲਾ ਕਰੋੜਾਂ ਰੁਪਏ ਦੇ ਲੈਣ-ਦੇਣ ਦਾ: ਜਾਣਕਾਰੀ ਮੁਤਾਬਕ ਕਰਨ ਕਪੂਰ ਅਮਲੋਹ 'ਚ ਇਕ ਦੋਪਹੀਆ ਵਾਹਨ ਏਜੰਸੀ 'ਚ ਬਤੌਰ ਮੈਨੇਜਰ ਕੰਮ ਕਰਦਾ ਹੈ। ਇਸ ਏਜੰਸੀ ਦੇ ਮਾਲਕ ਦਾ ਕਿਸੇ ਹੋਰ ਏਜੰਸੀ ਦੇ ਮਾਲਕ ਨਾਲ ਕਰੋੜਾਂ ਰੁਪਏ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਇਸ ਲੈਣ-ਦੇਣ 'ਚ ਕੁਝ ਦਿਨ ਪਹਿਲਾਂ ਕਰਨ ਕਪੂਰ ਦੀ ਮਾਲਕਣ ਵੀਨਾ ਦੇ ਖਿਲਾਫ ਸਿਟੀ ਥਾਣਾ 2 ਵਿਖੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ। ਇਸ ਮਾਮਲੇ 'ਚ ਕਰਨ ਕਪੂਰ ਨੂੰ ਤੰਗ ਕਰਨ ਦੇ ਦੋਸ਼ ਲਾਏ ਗਏ। ਉੱਥੇ ਹੀ ਕਰਨ ਕਪੂਰ ਦੀ ਪਤਨੀ ਦੀਪਾਲੀ ਕਪੂਰ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਅਤੇ ਖੰਨਾ ਦੀ ਇੱਕ ਏਜੰਸੀ ਦੇ ਮਾਲਕ ਇਸ ਮਾਮਲੇ ਵਿੱਚ ਉਸ ਦੇ ਪਤੀ ਨੂੰ ਪਰੇਸ਼ਾਨ ਕਰ ਰਹੇ ਹਨ।
ਜ਼ਹਿਰੀਲੀ ਚੀਜ਼ ਨਿਗਲ ਲਈ: ਉਸ ਦੇ ਪਤੀ 'ਤੇ ਮਾਲਕਣ ਵੀਨਾ ਨੂੰ ਥਾਣੇ 'ਚ ਪੇਸ਼ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਸ ਦੇ ਪਤੀ ਨੂੰ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕਾਰਨ ਉਸ ਦਾ ਪਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ। ਘਰ ਦੇ ਬਾਹਰ ਉਸ ਦੇ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਘਰ ਆਉਂਦਿਆਂ ਹੀ ਉਸ ਦੇ ਪਤੀ ਦੀ ਸਿਹਤ ਪੂਰੀ ਤਰ੍ਹਾਂ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਕਰਨ ਕਪੂਰ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ।
ਸਰਕਾਰੀ ਹਸਪਤਾਲ 'ਚ ਮੌਜੂਦ ਕਰਨ ਕਪੂਰ ਦੀ ਭੈਣ ਮੀਨਾਕਸ਼ੀ ਨੇ ਕਿਹਾ ਕਿ ਉਸ ਦੇ ਭਰਾ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲਿਸ ਉਸਦੇ ਭਰਾ ਨੂੰ ਧਮਕੀਆਂ ਦੇ ਰਹੀ ਹੈ ਕਿ ਉਹ ਡੰਡੇ ਦੇ ਜ਼ੋਰ ਨਾਲ ਉਸ ਦੇ ਭਰਾ ਤੋਂ ਪੂਰੇ ਪੈਸੇ ਵਸੂਲ ਕਰਨਗੇ। ਇੱਕ ਏਜੰਸੀ ਦਾ ਮਾਲਕ ਵੀ ਉਸ ਦੇ ਭਰਾ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ। ਇਸ ਕਾਰਨ ਉਸ ਦੇ ਭਰਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਉਸ ਦੇ ਭਰਾ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਪੁਲਿਸ ਅਤੇ ਏਜੰਸੀ ਮਾਲਕ ਹੋਣਗੇ।
ਪੁਲਿਸ ਨੇ ਵੱਟਿਆ ਪਾਸਾ:ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿੱਚ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ। ਸਿਟੀ ਥਾਣਾ 2 ਦੇ ਮੁਖੀ ਨੇ ਦੱਸਿਆ ਕਿ ਖੁਦਕੁਸ਼ੀ ਦੀ ਕੋਸ਼ਿਸ਼ ਸਬੰਧੀ ਹਸਪਤਾਲ ਤੋਂ ਕੋਈ ਸੂਚਨਾ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਪੁਲਿਸ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਉਸਦੀ ਜਾਂਚ ਕੀਤੀ ਜਾਵੇਗੀ।